ਸਤਿਗੁਰ ਮੈ ਸਬਦੁ ਸਬਦ ਮੈ ਸਤਿਗੁਰ ਹੈ ਨਿਰਗੁਨ ਗਿਆਨ ਧਿਆਨ ਸਮਝਾਵੈ ਜੀ

"ਗੁਰੂ" ਦਾ ਸ਼ਬਦੀ ਅਰਥ ਹੈ ਅੰਨ੍ਹੇਰੇ ਵਿਚ ਚਾਨਣ ਕਰਨ ਵਾਲਾ। ਗੁਰੂ ਤੋਂ ਭਾਵ ਹੈ ਉਹ ਹੋਂਦ, ਜੋ ਮਨ ਵਿਚੋਂ ਅਗਿਆਨਤਾ ਦਾ ਅੰਨ੍ਹੇਰਾ ਦੂਰ ਕਰ ਕੇ ਗਿਆਨ ਦਾ ਪਰਕਾਸ਼ ਕਰ ਦੇਵੇ।

ਮਾਦੀ ਦੁਨੀਆ ਵਿਚ ਦੀਵਾ ਅੰਨ੍ਹੇਰੇ ਨੂੰ ਦੂਰ ਕਰਦਾ ਹੈ ਜਾਂ ਬਿਜਲੀ ਦੇ ਬਲਬ ਦੁਆਰਾ ਅੰਨ੍ਹੇਰੇ ਵਿਚ ਚਾਨਣ ਹੁੰਦਾ ਹੈ। ਸੁਆਲ ਪੈਦਾ ਹੁੰਦਾ ਹੈ ਕਿ ਕੀ ਚਾਨਣ ਕਰਨ ਵਾਲੀ ਵਸਤੂ ਦੀਵੇ ਅਥਵਾ ਬਲਬ ਦਾ ਖੋਲ (Container) ਹੈ, ਜਾਂ ਕੋਈ ਹੋਰ ਚੀਜ਼? ਨਿਰਸੰਦੇਹ ਬਲਬ ਜਾਂ ਖੋਲ ਜੋਤੀ ਦੇ ਪ੍ਰਗਟਾਅ ਦਾ ਕੇਵਲ ਮਾਧਿਅਮ ਹੈ, ਜੋਤੀ ਕੋਈ ਹੋਰ ਚੀਜ਼ ਹੈ।

ਅਧਿਆਤਮਕ ਖੇਤਰ ਵਿਚ ਪ੍ਰਕਾਸ਼ ਕਰਨ ਵਾਲੀ ਹਸਤੀ "ਗੁਰੂ" ਹੈ। ਮਾਦੀ ਨਜ਼ਰ ਨਾਲ ਵੇਖਿਆਂ ਗੁਰੂ ਵਿਅਕਤੀ ਦਿਸਦਾ ਹੈ, ਪਰ ਗਿਆਨ-ਨੇਤਰਾਂ ਦੁਆਰਾ ਇਹ ਭੇਤ ਖੁਲ੍ਹਦਾ ਹੈ ਕਿ ਗੁਰੂ 'ਵਿਅਕਤੀ' ਨਹੀਂ, 'ਸ਼ਕਤੀ' ਹੈ, ਜਾਂ ਇਉਂ ਕਹੋ ਗੁਰੂ 'ਦੇਹ' ਨਹੀਂ, 'ਜੋਤ' ਹੈ। ਸਾਰੇ ਸਤਿਗੁਰਾਂ ਨੇ ਬਾਣੀ ਉਚਾਰਨ ਕਰਦਿਆਂ ਹੋਇਆਂ ਆਪਣੇ ਨਿਜੀ ਨਾਮ ਦੀ ਬਜਾਏ 'ਨਾਨਕ' ਨਾਮ ਦੀ ਵਰਤੋਂ ਕੀਤੀ, ਤੇ ਇਸ ਤਰ੍ਹਾਂ ਕਰ ਕੇ ਇਹ ਸੱਚਾਈ ਦ੍ਰਿੜ ਕਰਵਾਈ ਕਿ ਗੁਰੂ 'ਸਰੀਰ' ਨਹੀਂ, 'ਜੋਤ' ਹੈ।

ਸਿਖ ਇਤਿਹਾਸ ਵਿਚ ਗੁਰੂ-ਜੋਤ ਨੇ ਦਸ ਸਰੀਰ-ਜਾਮੇ ਬਦਲੇ ਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਿਰਾਜਮਾਨ ਹੈ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦੇਹ ਗੁਰੂ ਹੁੰਦੀ ਤਾਂ ਉਹਨਾਂ ਦੇ ਸਰੀਰ-ਚੋਲਾ ਛਡਣ ਨਾਲ ਗੁਰਤਾ ਦਾ ਸਿਲਸਿਲਾ ਸਮਾਪਤ ਹੋ ਜਾਂਦਾ। ਅਸਲੀਅਤ ਇਹ ਹੈ ਕਿ ਕਾਇਆਂ ਪਲਟਦੀ ਰਹੀ ਪਰ ਗੁਰੂ ਦੀ ਸ਼ਬਦ-ਜੋਤ ਅਤੇ ਜੁਗਤਿ ਸਦਾ ਕਾਇਮ ਦਾਇਮ ਰਹੀ, ਅਤੇ ਹੁਣ ਵੀ ਸ਼ਬਦ-ਜੋਤ ਉਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਅਸਥਿਤ ਹੈ।

ਜੁਗਤਿ ਵਰਤਾਉਣ ਲਈ ਅਥਵਾ ਗੁਰ-ਦੀਖਿਅਤ ਕਰਨ ਲਈ ਦੇਹ ਦੀ ਲੋੜ, ਕਰਨੀ-ਕਮਾਈ ਵਾਲੇ ਤਿਆਰ-ਬਰ-ਤਿਆਰ ਪੰਜ ਗੁਰਸਿਖਾਂ ਦੁਆਰਾ ਪੂਰੀ ਕੀਤੀ ਜਾਂਦੀ ਹੈ। ਗੁਰ-ਦੀਖਿਆ ਅੰਮ੍ਰਿਤ-ਸੰਚਾਰ ਦੀ ਰਸਮ ਪੂਰੀ ਕਰਨ ਮਗਰੋਂ ਪੰਜ ਪਿਆਰੇ ਫਿਰ ਗੁਰੂ ਕੇ ਸਿਖ ਹੀ ਸਦਵਾਉਂਦੇ ਹਨ, ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਹ ਵਿਲੱਖਣ ਗੁਰਮੁਖੀ ਚਾਲ ਹੈ। ਮਾਦੀ ਦੁਨੀਆ ਵਿਚ ਸਰੀਰ ਅਥਵਾ ਦੇਹ ਨੂੰ ਬਹੁਤ ਮਹੱਤਤਾ ਪ੍ਰਾਪਤ ਹੈ। ਮਾਦਾ-ਪ੍ਰਸਤ ਵਿਅਕਤੀ ਤਾਂ ਸਰੀਰ ਨੂੰ ਹੀ ਸਭ ਕੁਝ ਸਮਝਦੇ ਹਨ, ਪਰ ਅਧਿਆਤਮਕ ਖੇਤਰ ਵਿਚ ਦੇਹ ਨੂੰ ਓਨੀ ਹੀ ਮਹੱਤਤਾ ਪ੍ਰਾਪਤ ਹੈ ਜਿੰਨੀ ਦੀ ਇਹ ਪਾਤਰ ਹੈ। ਜੋਤਿ ਦੇ ਟਾਕਰੇ ਵਿਚ ਦੇਹ ਨੂੰ ਤੁਛ ਸਮਝਿਆ ਗਿਆ ਹੈ। ਗੁਰਬਾਣੀ ਦਾ ਫ਼ੁਰਮਾਨ ਹੈ:

ਕਾਇਆ ਮਾਟੀ ਅੰਧੁ ਹੈ ਪਉਣੈ ਪੁਛਹੁ ਜਾਇ ॥੧॥
ਸਲੋਕੁ ਮ: ੩, ਵਾਰ ਗੂਜਰੀ, ਪੰਨਾ ੫੧੧

ਪਿਛਲੇ ਕੁਝ ਸਾਲਾਂ ਤੋਂ ਦੇਹ-ਧਾਰੀ ਗੁਰੂ-ਡੰਮ ਦੀ ਬੜੀ ਚਰਚਾ ਹੈ। ਸਿਖ ਧਰਮ ਵਿਚ ਗੁਰੂ ਪ੍ਰਤੀ ਅਥਾਹ ਵਿਸ਼ਵਾਸ ਤੋਂ ਲਾਭ ਲੈਣ ਲਈ ਕਈ ਭਦਰ-ਪੁਰਸ਼ ਮੈਦਾਨ ਵਿਚ ਆ ਨਿਤਰੇ ਹਨ। ਗੁਰੂਆਂ ਦੀ ਹੇੜ ਆ ਗਈ ਹੈ। ਜੇ ਇਸੇ ਸਪੀਡ ਨਾਲ ਕੰਮ ਚਲਦਾ ਰਿਹਾ ਤਾਂ ਕਿਸੇ ਦਿਨ ਨੂੰ ਚੇਲਿਆਂ ਤੋਂ ਗੁਰੂਆਂ ਦੀ ਗਿਣਤੀ ਵਧ ਜਾਏਗੀ।

ਤ੍ਰਿਕਾਲ ਦਰਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਸ਼ਾ ਨੂੰ ਜਾਣਦਿਆਂ ਹੋਇਆਂ ਹੀ ਸ਼ਖਸੀ ਗੁਰਤਾ ਦਾ ਸਿਲਸਿਲਾ ਬੰਦ ਕੀਤਾ ਸੀ ਅਤੇ ਗੁਰਸਿਖਾਂ ਨੂੰ ਸ਼ਬਦ-ਪੁੰਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਜੁਗਤਿ ਵਰਤਾਉਣ ਦਾ ਅਧਿਕਾਰ ਸ਼ਬਦ-ਗੁਰੂ ਦੀ ਤਾਬਿਆ ਵਿਚ ਵਿਚਰਨ ਵਾਲੇ ਕਰਣੀ ਕਮਾਈ ਵਾਲੇ ਪੰਜਾਂ ਦੇ ਪੁੰਜ — ਖ਼ਾਲਸਾ ਪੰਥ — ਨੂੰ ਬਖ਼ਸ਼ਿਆ ਸੀ। ਇਸ ਦੇ ਨਾਲ ਹੀ ਗੁਰੂ ਪਾਤਸ਼ਾਹ ਜੀ ਨੇ ਆਪਣੇ ਅਮੋਲਕ ਬਚਨਾਂ ਦੁਆਰਾ ਗੁਰਸਿਖਾਂ ਨੂੰ ਡੰਮੀ ਗੁਰੂਆਂ ਤੋਂ ਖ਼ਬਰਦਾਰ ਵੀ ਕਰ ਦਿੱਤਾ ਸੀ:

ਘਰਿ ਘਰਿ ਹੋਇ ਬਹੈਂਗੇ ਰਾਮਾ ॥
ਤਿਨ ਤੇ ਸਰੈ ਨ ਕੋਊ ਕਾਮਾ ॥

ਸ਼ਬਦ-ਗੁਰੂ ਦੇ ਸਿਧਾਂਤ ਦੀ ਪੁਸ਼ਟੀ ਵਿਚ ਬੇਅੰਤ ਪ੍ਰਮਾਣ ਹਨ, ਇਤਿਹਾਸਕ ਵੀ ਤੇ ਸਿਧਾਂਤਕ ਵੀ। ਟੂਕ ਮਾਤਰ ਕੁਝ ਪ੍ਰਮਾਣ ਹੇਠਾਂ ਦਰਜ ਕੀਤੇ ਜਾਂਦੇ ਹਨ:

ਇਤਿਹਾਸਕ ਪ੍ਰਮਾਣ
ਸਿੱਖਾਂ ਨੇ ਪੁਛਾ, "ਜੋ ਅਬ ਦਰਸ਼ਨ ਕਹਾਂ ਕਰਹਿ।" ਸਤਿਗੁਰ ਦੀਨ ਦਿਆਲ ਬਚਨ ਕੀਆ, "ਦਸ ਸਰੂਪ ਪੂਰਨ ਭਏ, ਅਬ ਮੇਰਾ ਜਾਹਰਾ 'ਗੁਰੂ ਗ੍ਰੰਥ ਸਾਹਿਬ' ਕੋ ਜਾਨਨਾ। ਜਿਸ ਨੇ ਮੇਰੇ ਸੇ ਬਾਤ ਕਰਨੀ ਹੋਇ ਤੋ ਆਦਿ ਗ੍ਰੰਥ ਸਾਹਿਬ ਕਾ ਪਾਠ ਕਰਨਾ। ਮੇਰੇ ਸੇ ਬਾਤ ਹੋਵੇਗੀ।"
— ਮਹਿਮਾ ਪ੍ਰਕਾਸ਼, ਕ੍ਰਿਤ ਬਾਵਾ ਸਰੂਪ ਦਾਸ ਭੱਲਾ
ਤੀਨ ਰੂਪ ਹੈਂ ਮੋਹਿ ਕੇ ਸੁਨੋ ਨੰਦ ਚਿਤ ਲਾਇ ॥
ਨਿਰਗੁਣ ਸਰਗੁਣ 'ਗੁਰ ਸ਼ਬਦ' ਕਹੋਂ ਤੋਹਿ ਸਮਝਾਇ ॥

ਏਕ ਰੂਪ ਤਿਹੁ ਗੁਣ ਤੇ ਪਰੇ ॥
ਨੇਤਿ ਨੇਤਿ ਜਿਹ ਨਿਗਮ ਉਚਰੇ ॥
ਦੂਸਰ ਰੂਪ 'ਗ੍ਰੰਥ ਜੀ' ਜਾਨੋ ॥
ਇਨ ਕੇ ਅੰਗ ਮੇਰੇ ਕਰ ਮਾਨੋ ॥
— ਰਹਿਤਨਾਮਾ ਭਾ: ਨੰਦਲਾਲ ਜੀ
ਪ੍ਰਸ਼ਨ ਉੱਤਰ ਗੁਰੂ ਗ੍ਰੰਥ ਜੀ ਅਸਤ। ਦਰਮਿਆਨੇ ਗ੍ਰੰਥ ਵਾ ਗੁਰੂ ਹੇਚ ਫ਼ਰਕੇ ਨੇਸਤ।
(ਅਰਥ — ਗੁਰੂ ਗ੍ਰੰਥ ਜੀ ਹਨ। ਗ੍ਰੰਥ ਅਤੇ ਗੁਰੂ ਦੇ ਵਿਚਕਾਰ ਕੋਈ ਫ਼ਰਕ ਨਹੀਂ ਹੈ। ਗ੍ਰੰਥ ਜੀ ਦੇ ਦਰਸ਼ਨਾਂ ਤੋਂ ਗੁਰੂ ਸਾਹਿਬ ਦੇ ਅਨੰਦ-ਭਰਪੂਰ ਦਰਸ਼ਨ ਹੋਣਗੇ।)
— ਉਮਾਦੁਤ-ਤਵਾਰੀਖ਼, ਕ੍ਰਿਤ ਮੁਨਸ਼ੀ ਸੋਹਣ ਲਾਲ
ਸਿਧਾਂਤਕ ਪ੍ਰਮਾਣ
ਸਬਦੁ ਗੁਰ ਪੀਰਾ ਗਹਿਰ ਗੰਭੀਰਾ
ਬਿਨੁ ਸਬਦੈ ਜਗੁ ਬਉਰਾਨੰ ॥
ਸੋਰਠਿ ਮ: ੧, ਪੰਨਾ ੬੩੫
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ ॥
ਨਟ ਅਸਟ: ਮ: ੪, ਪੰਨਾ ੯੮੨
ਗੁਰ ਮੂਰਤਿ ਗੁਰ ਸਬਦੁ ਹੈ
ਸਾਧਸੰਗਤਿ ਵਿਚਿ ਪਰਗਟੀ ਆਇਆ ॥
ਭਾਈ ਗੁਰਦਾਸ ਜੀ, ਵਾਰ ੨੪, ਪ: ੨੫
ਸਤਿਗੁਰ ਮੈ ਸਬਦੁ ਸਬਦ ਮੈ ਸਤਿਗੁਰ ਹੈ ਨਿਰਗੁਨ ਗਿਆਨ ਧਿਆਨ ਸਮਝਾਵੈ ਜੀ ॥
ਭਾਈ ਗੁਰਦਾਸ ਜੀ, ਕਬਿਤ ੫੩੪

'ਸ਼ਬਦ-ਗੁਰੂ' ਸਿਧਾਂਤ ਦਾ ਧ੍ਰਵਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖੀ ਦੇ ਅਰੰਭ ਕਾਲ ਵਿਚ ਹੀ ਬੰਨ੍ਹ ਦਿੱਤਾ। ਸੁਮੇਰ ਪਰਬਤ ਤੇ ਜਦੋਂ ਗੁਰੂ ਪਾਤਸ਼ਾਹ ਗਏ ਤਾਂ ਸਿਧਾਂ ਨੇ ਸਵਾਲ ਕੀਤਾ:

ਕਵਣ ਮੂਲੁ ਕਵਣ ਮਤਿ ਵੇਲਾ ॥
ਤੇਰਾ ਕਵਣੁ ਗੁਰੂ ਜਿਸਕਾ ਤੂ ਚੇਲਾ ॥
ਕਵਣ ਕਥਾ ਲੇ ਰਹਹੁ ਨਿਰਾਲੇ ॥
ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥

ਗੁਰੂ ਪਾਤਸ਼ਾਹ ਜੀ ਨੇ ਉੱਤਰ ਬਖ਼ਸ਼ਿਆ:

ਪਵਨ ਅਰੰਭੁ ਸਤਿਗੁਰ ਮਤਿ ਵੇਲਾ ॥
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥
ਅਕਥ ਕਥਾ ਲੇ ਰਹਉ ਨਿਰਾਲਾ ॥
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥
ਰਾਮਕਲੀ ਸਿਧ ਗੋਸਟਿ ਮ: ੧, ਪੰਨਾ ੯੪੨-੪੩

ਏਨੇ ਸਪੱਸ਼ਟ ਸ਼ਬਦਾਂ ਦੇ ਬਾਵਜੂਦ ਜੇ ਕੋਈ ਸ਼ਖ਼ਸੀ ਪੂਜਾ ਪਿਛੇ ਲੂਰ ਲੂਰ ਕਰੀ ਜਾਵੇ ਤਾਂ ਉਸ ਦੇ ਮੰਦੇ ਭਾਗ। "ਜੈਸਾ ਸੇਵੈ ਤੈਸਾ ਹੋਇ" (ਗਉੜੀ ਮ: ੧, ਪੰਨਾ ੨੨੪) ਦਾ ਅਟੱਲ ਸਿਧਾਂਤ ਹੈ। ਦੇਹ-ਮਿੱਟੀ ਦੀ ਪੂਜਾ-ਪ੍ਰਤਿਸ਼ਟਾ ਕਰ ਕੇ, ਇਹਨੂੰ ਗੁਰੂ ਮੰਨ ਕੇ ਪਲੇ ਮਿੱਟੀ ਹੀ ਪੈ ਸਕਦੀ ਹੈ, ਮਨ ਵਿਚ ਤੱਤ-ਗਿਆਨ ਦਾ ਪਰਕਾਸ਼ ਨਹੀਂ ਹੋ ਸਕਦਾ।

ਦੇਹ-ਪੂਜਾ ਦੇ ਜਾਲ ਵਿਚੋਂ ਕਢਣ ਲਈ ਸਤਿਗੁਰਾਂ ਨੇ ਹੋਰ ਵਧੇਰੇ ਸਪੱਸ਼ਟ ਕੀਤਾ, 'ਦੇਹ' ਅਤੇ 'ਸ਼ਬਦ' ਦਾ ਪਰਸਪਰ ਟਾਕਰਾ ਕਰ ਕੇ ਸ਼ਬਦ ਦੀ ਸਿਰਮੌਰਤਾ ਦਰਸਾ ਕੇ ਨਿਰਸੰਦੇਹ ਨਿਰਣਾ ਕਰ ਦਿਤਾ ਕਿ ਸ਼ਬਦ ਤੱਤ ਵਸਤੂ ਹੈ ਤੇ ਆਤਮ-ਵਿਗਾਸ ਕੇਵਲ ਸ਼ਬਦ ਦੁਆਰਾ ਹੀ ਸੰਭਵ ਹੋ ਸਕਦਾ ਹੈ:

ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਵਡਹੰਸ ਕੀ ਵਾਰ, ਪੰਨਾ ੫੯੪
ਬਚਨ ਹੋਇਆ ਸਾਡੇ ਚਰਨ ਸਾਧ ਸੰਗਤਿ ਵਿਚ ਸਦਾ ਰਹਿੰਦੇ ਹੈਨਿ ॥ ਤੁਸੀਂ ਸਦਾ ਮੇਰੇ ਚਰਨਾਂ ਦੀ ਸਰਨਿ ਹੋ ॥ ਸਰੀਰ ਮੇਰਾ ਸਰਗੁਣ ਹੈ ਤੇ ਸ਼ਬਦ ਮੇਰਾ ਰਿਦਾ ਹੈ, ਜੋ ਨਿਰਗੁਣ ਰੂਪ ਹੈ ॥ ਜੇ ਸਰੀਰ ਨਾਲ ਮਿਲੋਗੇ ਤਾਂ ਫੇਰ ਭੀ ਵਿਛੜੋਗੇ, ਪਰ ਜੇ ਸਬਦ ਨਾਲ ਮਿਲੋਗੇ ਤਾਂ ਵਿਛੜੋਗੇ ਨਹੀਂ ॥
— ਸਿਖਾਂ ਦੀ ਭਗਤਮਾਲ, ਕ੍ਰਿਤ ਭਾ: ਮਨੀ ਸਿੰਘ ਜੀ ਸ਼ਹੀਦ

ਇਹ ਬਦਕਿਸਮਤੀ ਦੀ ਗੱਲ ਹੈ ਕਿ ਅਸੀਂ "ਸ਼ਬਦ-ਗੁਰੂ" ਦੇ ਸਿਧਾਂਤ ਨੂੰ ਨਾ ਆਪ ਸਮਝ ਸਕੇ ਹਾਂ ਅਤੇ ਨਾ ਹੀ ਸੰਸਾਰ ਵਿਚ ਪਰਚਾਰ ਸਕੇ ਹਾਂ। ਸਾਡਾ ਮਿਸ਼ਨ ਸੁਸਤ ਹੀ ਨਹੀਂ, ਸੁੱਤਾ ਹੋਇਆ ਹੈ। ਨਹੀਂ ਨਹੀਂ, ਸਾਡਾ ਕੋਈ ਬਾਕਾਇਦਾ ਮਿਸ਼ਨ ਹੈ ਈ ਨਹੀਂ। ਰੱਬ ਈ ਰਾਖਾ ਹੈ!! ਇਹ ਡਿੰਭੀ ਗੁਰੂਆਂ ਦੀ ਭਰਮਾਰ ਸਾਡੀ ਅਣਗਹਿਲੀ ਤੇ ਅਵੇਸਲੇਪਣ ਦਾ ਹੀ ਸਿੱਟਾ ਹੈ। ਸਿਖ ਕੌਮ ਕੋਲ ਪ੍ਰਗਟ, ਪ੍ਰਮਾਣ ਤੇ ਪਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ।

ਪਰ ਕੌਮ ਦੇ ਮੁਹਾਣੇ ਗੁਰੂਆਂ ਦੀ ਕਲਪਤ ਫੋਟੋ ਛਪਵਾ ਛਪਵਾ ਕੇ ਆਪਣੀ ਸੂਝ ਬੂਝ ਦਾ ਦਿਵਾਲਾ ਕਢਵਾ ਰਹੇ ਹਨ। ਇਹ ਫੋਟੋ-ਪਰਚਾਰ ਗੁਰਮਤਿ ਦੇ ਵਿਰੁਧ ਹੈ ਤੇ ਇਸ ਨਾਲ ਦੇਹ-ਧਾਰੀ ਪ੍ਰਥਾ ਨੂੰ ਬਲ ਮਿਲਦਾ ਹੈ। ਉਹਨਾਂ ਦੀ ਰੀਸੇ ਹੁਣ ਕਈ ਪ੍ਰਾਈਵੇਟ ਵਪਾਰੀਆਂ ਨੇ ਗੁਰੂ ਦੇ ਮਨੋ-ਕਲਪਤ ਪਲਾਸਟਕ ਆਦਿ ਦੇ ਬੁੱਤ ਬਣਾ ਕੇ ਵੇਚਣੇ ਅਰੰਭ ਕਰ ਦਿਤੇ ਹਨ। ਦੋਸ਼ ਕਿਸ ਨੂੰ?

ਇਕ ਗੱਲ ਹੋਰ ਅਤਿ ਲੋੜੀਂਦੀ ਹੈ — ਉਹ ਹੈ ਸ਼ਬਦ-ਗੁਰੂ ਦੇ ਸਿਧਾਂਤ ਦੀ ਅਮਲੀ ਵਰਤੋਂ। ਸਿਧਾਂਤ ਭਾਵੇਂ ਕਿੰਨਾ ਉੱਚਾ ਤੇ ਸੁੱਚਾ ਹੋਵੇ, ਉਨੀ ਦੇਰ ਤਕ ਪ੍ਰਚਲਤ ਨਹੀਂ ਹੁੰਦਾ ਜਿੰਨੀ ਦੇਰ ਤਕ ਉਹ ਜੀਵਨ ਵਿਚ ਪ੍ਰਤੀਬਿੰਬਤ ਹੋ ਕੇ ਸਾਹਮਣੇ ਨਾ ਆਵੇ। ਇਸ ਗੱਲ ਤੋਂ ਮੁਕਰਿਆ ਨਹੀਂ ਜਾ ਸਕਦਾ ਕਿ ਸਾਡੀ ਪੰਥਕ ਦਸ਼ਾ ਬੜੀ ਨਿਘਰੀ ਹੋਈ ਹੈ। ਪੰਥਕ ਪੱਧਰ ਤੇ ਪ੍ਰਮੁਖਤਾ, ਕਰਨੀ ਕਮਾਈ ਵਾਲੇ ਤੇ ਨਿਰਮਲ ਜੀਵਨ ਵਾਲੇ ਵਿਅਕਤੀਆਂ ਦੀ ਬਜਾਏ ਚਲਾਕ ਤੇ ਮੂੰਹ-ਜ਼ੋਰ ਬੰਦਿਆਂ ਨੂੰ ਪ੍ਰਾਪਤ ਹੈ। ਵਤਰੋਂ ਟੱਪ ਚੁੱਕੇ ਭੱਦਰ ਪੁਰਸ਼, ਜਿਹੜੇ ਆਪਣੀ ਸਰੀਰਕ ਕਿਰਿਆ ਵੀ ਭਲੀ ਪਰਕਾਰ ਨਹੀਂ ਸੋਧ ਸਕਦੇ, ਕੇਵਲ ਲੀਡਰ ਲੋਕਾਂ ਦੀ ਝੋਲੀ-ਚੁਕੀ ਕਰਕੇ ਫਨੀਅਰ ਸੱਪਾਂ ਵਾਂਗ ਉੱਚ ਪਦਵੀਆਂ ਤੇ ਧਰਨਾ ਮਾਰੀ ਬੈਠੇ ਹਨ। ਧਾਰਮਿਕ ਆਗੂਆਂ ਵਿਚ ਆਤਮ-ਵਿਕਾਸ ਦੀ ਅਣਹੋਂਦ ਕਾਰਨ ਧਾਰਮਕ ਜਾਗ ਅਗੇ ਲਗ ਨਹੀਂ ਰਹੀ।

ਸਾਰੀ ਧਾਰਮਿਕ ਰਹੁ-ਰੀਤ ਫੋਕੀ ਤੇ ਰਸਮੀ ਬਣਾ ਦਿੱਤੀ ਗਈ ਹੈ। ਤਖਤ ਚੌਰ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਪਰ ਸਾਡੇ ਤਖਤ ਸਾਹਿਬਾਂ ਉੱਤੇ ਇਸ ਵੇਲੇ ਕੇਵਲ ਸ਼ਸਤਰ ਬਿਰਾਜਮਾਨ ਹਨ। ਇਹ ਧਾਰਮਿਕ ਪਖੋਂ ਬੋਦੇ ਹੋ ਚੁੱਕੇ ਧਾਰਮਿਕ ਆਗੂ ਤਖਤਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਨ ਤੋਂ ਸੰਕੋਚ ਕਰਦੇ ਹਨ। ਜਦੋਂ ਸਾਡੇ ਧਾਰਮਿਕ ਆਗੂਆਂ ਵਿਚ "ਸ਼ਬਦ-ਗੁਰੂ" ਲਈ ਏਨਾ ਕੁ ਸਤਿਕਾਰ ਹੈ ਤਾਂ ਉਹਨਾਂ ਤੋਂ ਸ਼ਬਦ-ਗੁਰੂ ਦੇ ਸਿਧਾਂਤ ਦੇ ਪਰਚਾਰ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ।

ਸੋ ਲੋੜ ਹੈ ਕਿ ਸ਼ਰਧਾ ਭਾਵਨੀ ਵਾਲੇ ਤੇ ਨਿਰਮਲ ਕਰਣੀ ਵਾਲੇ ਸੁਘੜ ਸੁਜਾਨ ਵਿਅਕਤੀ ਧਾਰਮਿਕ ਪਦਵੀਆਂ ਤੇ ਲਾਏ ਜਾਣ, ਜੋ ਆਪਣਾ ਸਮੁੱਚਾ ਜੀਵਨ ਪੰਥਕ ਵਿਕਾਸ ਲਈ ਲਾ ਦੇਣ। ਅਜਿਹੇ ਵਿਗਾਸੇ ਹੋਏ ਪੁਰਸ਼ਾਂ ਦੁਆਰਾ ਜਿਸ ਜਿਸ ਨੂੰ ਗੁਰ-ਦੀਖਿਅਤ ਕੀਤਾ ਜਾਵੇਗਾ, ਉਸ ਦੀ ਕਾਇਆ-ਕਲਪ ਹੋ ਜਾਵੇਗੀ, ਉਸ ਦਾ ਅੰਦਰਲਾ ਜਾਗ ਉਠੇਗਾ।

ਇਸ ਤਰ੍ਹਾਂ "ਸ਼ਬਦ-ਗੁਰੂ" ਸਿਧਾਂਤ ਲੋਕ-ਪ੍ਰਿਅ ਹੋ ਸਕਦਾ ਹੈ। ਸੰਸਾਰ ਲਈ ਇਹ ਸਿਧਾਂਤ ਹੀ ਕਲਿਆਣਕਾਰੀ ਹੈ। ਸਾਰੀ ਸ੍ਰਿਸ਼ਟੀ ਦਾ ਉਧਾਰ ਇਸ ਸਿਧਾਂਤ ਦੁਆਰਾ ਹੋਣਾ ਨਿਸਚਿਤ ਹੈ।

ਕਲਿਜੁਗੁ ਉਧਾਰਿਆ ਗੁਰਦੇਵ ॥
ਮਲ ਮੂਤ ਮੂੜਮੁਘਦ ਹੋਤੇ ਸਭਿ ਲਗੇ ਤੇਰੀ ਸੇਵ ॥
ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥
ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥੨॥(੧੪੦)
ਆਸਾ ਮ: ੫, ਪੰਨਾ ੪੦੬
← Back To Talwara Articles