ਜਗ-ਰਚਨਾ

ਇਹ ਸੰਸਾਰ, ਵਾਹਿਗੁਰੂ ਦੀ ਵਚਿਤਰ ਰਚਨਾ ਦਾ ਨਮੂਨਾ ਹੈ । ਰਚਨਹਾਰ ਆਪ ਸੁੰਦ੍ਰਾਵਲਾ ਹੈ, ਇਸ ਲਈ ਉਸ ਦੀ ਰਚਨਾ ਵੀ ਅਤੀਅੰਤ ਸੁੰਦਰ ਅਤੇ ਮਨ-ਮੋਹਣੀ ਹੈ । ਜਗਤ-ਰਚਨਾ ਕਿਉਂ ਅਤੇ ਕਿਵੇਂ ਹੋਈ, ਇਸ ਭੇਤ ਨੂੰ ਕਰਤੇ ਪੁਰਖ ਤੋਂ ਬਗ਼ੈਰ ਕੋਈ ਕੀ ਜਾਣ ਸਕਦਾ ਹੈ । ਪਰ ਇਹ ਇਕ ਅਟੱਲ ਸਚਾਈ ਹੈ ਕਿ ਸਮੁੱਚਾ ਸੰਸਾਰ ਸੱਚੇ ਵਾਹਿਗੁਰੂ ਦੀ ਸੱਚ ਕਮਾਉਣ ਲਈ ਰਚੀ ਹੋਈ ਸੱਚੀ ਧਰਮਸਾਲ ਹੈ ।

ਸਮੁੱਚਾ ਸੰਸਾਰ ਅਤੇ ਇਸ ਦੀ ਹਰੇਕ ਵਸਤੂ ਦੇ ਰਚੇ ਜਾਣ ਦਾ ਵਿਸ਼ੇਸ਼ ਮੰਤਵ ਜ਼ਰੂਰ ਹੈ। ਪ੍ਰਯੋਜਨ ਇਹ ਹੈ ਕਿ ਜਗਤ ਦੀ ਹਰੇਕ ਵਸਤੂ ਨੇ ਸੱਚ ਦੇ ਖਿਡਾਰੀ ਮਨੁੱਖ ਨੂੰ ਸੱਚ-ਪ੍ਰਾਪਤੀ ਲਈ ਆਪੋ ਆਪਣੀ ਥਾਵੇਂ ਸਹਾਇਤਾ ਕਰਨੀ ਹੈ। ਇਸੇ ਕਾਰਨ ਹੀ— ਇਹ ਜਗਤ-ਰਚਨਾ ਸੱਚੇ ਦੀ ਸੱਚੀ ਲੀਲ੍ਹਾ ਹੈ।

ਸੰਸਾਰ ਇਕ ਰਚਨਾ ਹੈ, ਪਰਕਿਰਤੀ ਹੈ ਤੇ ਇਹ ਈਸ਼ਵਰੀ ਨਿਯਮ ਹੈ ਕਿ ਪਰਕਿਰਤੀ ਵਿਚ ਹਰ ਪਲ, ਹਰ ਛਿਨ ਤਬਦੀਲੀ ਵਾਪਰਦੀ ਰਹਿੰਦੀ ਹੈ ਅਤੇ ਸਮਾਂ ਪਾ ਕੇ ਇਸਦਾ ਰੂਪ ਵਟੀਜਦਾ ਰਹਿੰਦਾ ਹੈ। ਦਿਸਣਹਾਰ ਸਾਰਾ ਜਗਤ-ਪਸਾਰਾ ਨਾਸ਼ਮਾਨ ਹੈ। ਇਸੇ ਲਈ ਸੰਸਾਰ ਨੂੰ ਸੁਪਨੇ ਦੀ ਨਿਆਈਂ ਚਲਾਇ ਮਾਨ ਕਰਕੇ ਹੀ ਦਰਸਾਇਆ ਹੋਇਆ ਹੈ:

ਸਮ ਸੁਪਨੈ ਕੈ ਇਹੁ ਜਗੁ ਜਾਨੁ ॥
ਬਿਨਸੈ ਛਿਨ ਮੈ ਸਾਚੀ ਮਾਨੁ ॥੧॥
[ਬਸੰਤੁ ਮਹਲਾ ੯]
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥
[ਸਲੋਕ ਮ: ੯]
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥
[ਸਾਰੰਗ ਮ:੯]
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥
[ਸੋਰਠਿ ਮ:੯]

ਨੀਂਦਰ ਵਿਚ ਸੁਪਨਾ ਸਚਾ ਲਗਦਾ ਹੈ, ਪਰ ਨੀਂਦਰ ਉਘੜਦਿਆਂ ਹੀ ਸੁਪਨਾ ਐਵੇਂ ਖ਼ਿਆਲੀ ਦੁਨੀਆ ਦੀ ਖੇਡ ਪ੍ਰਤੀਤ ਹੁੰਦੀ ਹੈ। ਏਵੇਂ ਹੀ ਅਗਿਆਨਤਾ ਦੀ ਨੀਂਦ ਕਾਰਨ ਸੰਸਾਰ ਦੀ ਰਚਨਾ ਥਿਰ ਭਾਸਦੀ ਹੈ, ਪਰ ਅਗਿਆਨਤਾ ਦੀ ਨੀਂਦਰ ਖੁਲ੍ਹਦਿਆਂ ਹੀ ਯਥਾਰਥ ਦੀ ਸਮਝ ਪੈ ਜਾਂਦੀ ਹੈ ਕਿ ਇਹ ਨਾਸ਼ਮਾਨ ਹੈ ।

ਸੰਸਾਰ ਧੂਏਂ ਦੇ ਪਹਾੜ ਵਾਂਗ ਹੈ:

ਇਹੁ ਜਗੁ ਧੂਏ ਕਾ ਪਹਾਰ ॥
[ਬਸੰਤ ਮ:੯]

ਸੰਸਾਰ ਪਾਣੀ ਦੇ ਬੁਲਬੁਲੇ ਵਤ ਹੈ:

ਜੈਸੇ ਜਲ ਤੇ ਬੁਦਬੁਦਾ ਉਪਜੈ ਬਿਨਸੈ ਨੀਤ ॥
ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥੨੫॥
[ਸਲੋਕ ਮਃ: ੯]

ਰੇਤ ਦੀ ਕੰਧ ਦੀ ਨਿਆਈਂ ਹੈ:

ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥
[ਜੈਜਾਵੰਤੀ ਮਃ ੯ / ਸੋਰਠਿ ਮ:੯]

ਮ੍ਰਿਗ ਤ੍ਰਿਸ਼ਨਾ ਅਤੇ ਬੱਦਲ ਦੀ ਛਾਂ ਵਾਂਗ ਮਿਥਿਆ ਹੈ:

ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
[ਗਉੜੀ ਮ: ੯ / ਦੇਵਗੰਧਾਰੀ ਮ: ੯ / ਗਉੜੀ ਮ: ੯]

ਪਰ ਮਿਥਿਆ ਹੁੰਦਾ ਹੋਇਆ ਵੀ ਬਾਹਰੋਂ ਏਨਾ ਮਨਮੋਹਣਾ ਤੇ ਮਿੱਠਾ ਹੈ ਕਿ ਕਿਸੇ ਦਾ ਇਸ ਨੂੰ ਛਡਣ ਤੇ ਦਿਲ ਨਹੀਂ ਕਰਦਾ। "ਇਹ ਜਗ ਮਿੱਠਾ" ਇਕ ਮੁਹਾਵਰਾ ਬਣ ਗਿਆ ਹੋਇਆ ਹੈ। ਇਸ ਸੰਸਾਰ ਦੀ ਸੁੰਦਰਤਾ ਅਤੇ ਮਿਠਾਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ; ਪਰ ਇਸ ਦਾ ਸਹੀ ਲਾਭ ਉਸ ਨੂੰ ਹੀ ਹੁੰਦਾ ਹੈ ਜੋ ਇਸ ਦੀ ਸੁੰਦਰਤਾ ਨੂੰ ਮਾਣਦਾ ਹੋਇਆ, ਇਸ ਦੀ ਮਿਠਾਸ ਦਾ ਅਨੰਦ ਲੈਂਦਾ ਹੋਇਆ, ਆਪਣੀ ਸੁਰਤੀ ਨੂੰ, ਸੰਸਾਰ ਦੀ ਮਾਇਕੀ ਛਿਨ ਭੰਗਰ ਸੁੰਦਰਤਾ ਤੇ ਰਸਾਂ ਵਿਚ ਖੱਚਤ ਕਰਨ ਦੀ ਬਜਾਏ, ਸੁੰਦ੍ਰਾਵਲੇ ਤੇ ਮਿਠੜੇ ਪ੍ਰਭੂ ਨਾਲ ਜੋੜੀ ਰਖਦਾ ਹੈ। ਮਨੁੱਖ ਦੀ ਖ਼ੁਸ਼ੀ ਤੇ ਸ਼ਾਂਤੀ ਦਾ ਨਿਰਭਰ ਇਸ ਨੁਕਤੇ ਨੂੰ ਸਮਝਣ ਉਤੇ ਹੈ।

ਜੋ ਇਸ ਭੇਦ ਨੂੰ ਸਮਝ ਲਏ ਉਸ ਲਈ ਜਗਤ ਸੱਚੇ ਦੀ ਕੋਠੜੀ ਹੋ ਨਿਬੜਦਾ ਹੈ ਤੇ ਉਹ ਇਥੇ ਸੱਚ ਦੀ ਕਮਾਈ ਕਰਕੇ ਦਰਗਾਹ ਵਿਚ ਸੁਰਖ਼ਰੂ ਜਾ ਹੁੰਦਾ ਹੈ।

ਜੋ ਇਸ ਨੁਕਤੇ ਤੋਂ ਖੁੰਝ ਜਾਂਦਾ ਹੈ ਉਹ ਨਾਸ਼ਮਾਨ ਜਗਤ ਦੇ ਨਾਸ਼ਮਾਨ ਪਦਾਰਥਾਂ ਨੂੰ ਭੋਗ ਭੋਗ ਕੇ ਭੋਗਾਂ ਵਿਚ ਹੀ ਪਚ ਮਰਦਾ ਹੈ।

[ਪੁਸਤਕ "ਸਟੀਕ ਬਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ"]
← Back To Talwara Articles