ਗੁਰਬਾਣੀ ਉਚਾਰਣ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਤਮਿਕ ਗਿਆਨ ਦਾ ਅਮੁੱਲ ਭੰਡਾਰ ਹਨ। ਇਸ ਰੱਬੀ-ਗਿਆਨ ਦਾ ਆਵੇਸ਼, ਸਤਿਗੁਰਾਂ ਅਤੇ ਦਿਵ-ਬਿਰਤੀ ਵਾਲੇ ਭਗਤ-ਜਨਾਂ ਦੇ ਨਿਰਮਲ ਹਿਰਦਿਆਂ ਵਿਚ, ਪਰਮ-ਸਤਿ ਨਾਲ ਅੰਤਰ-ਆਤਮੇ ਇਕ-ਸੁਰ ਹੋਣ ਸਮੇਂ ਹੋਇਆ। ਇਹ ਗੁਰੂ-ਗਿਆਨ ਫਿਰ ਉਹਨਾਂ ਦੀ ਪਾਵਨ ਰਸਨਾ ਤੋਂ ਗੁਰਬਾਣੀ ਦੇ ਰੂਪ ਵਿਚ ਸਾਕਾਰ ਹੋਇਆ। ਸਤਿਗੁਰਾਂ ਅਤੇ ਭਗਤ-ਜਨਾਂ ਦੀ ਪਾਵਨ ਬਾਣੀ ਦਾ ਸੰਕਲਨ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ 'ਪੋਥੀ ਸਾਹਿਬ' ਦੇ ਰੂਪ ਵਿਚ ਸੰਮਤ ੧੬੬੧ ਵਿ. ਵਿਚ ਕੀਤਾ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਬਾਣੀ ਉਸ ਸਮੇਂ ਦੀ ਲੋਕ-ਭਾਸ਼ਾ ਵਿਚ ਹੈ। ਗੁਰੂ ਪਾਤਸ਼ਾਹ ਬੇਸ਼ਕ ਪੰਜਾਬ ਦੇ ਜੰਮ-ਪਲ ਸਨ, ਪਰ ਰੱਬੀ ਗਿਆਨ ਦੇ ਪ੍ਰਗਟਾਅ ਲਈ ਉਹਨਾਂ ਵਲੋਂ ਉਸ ਸਮੇਂ ਧਾਰਮਕ ਖੇਤਰ ਵਿਚ ਵਰਤੀਂਦੀ ਸਾਧ-ਭਾਸ਼ਾ ਦਾ ਪ੍ਰਯੋਗ ਕੀਤਾ ਗਿਆ, ਜੋ ਭਾਰਤ ਦੀਆਂ ਵਖ ਵਖ ਭਾਸ਼ਾਵਾਂ ਦਾ ਸ੍ਰੇਸ਼ਟ ਮਿਸ਼ਰਣ ਸੀ। ਗੁਰਬਾਣੀ ਵਿਚ ਵਰਤੀ ਗਈ ਸਾਧ-ਭਾਸ਼ਾ ਉਤੇ ਪੰਜਾਬੀ ਦਾ ਰੰਗ ਗੂੜ੍ਹਾ ਅਤੇ ਸਪੱਸ਼ਟ ਨਜ਼ਰੀ ਪੈਂਦਾ ਹੈ। ਸਮੁੱਚੇ ਤੌਰ ਤੇ ਗੁਰਬਾਣੀ ਦੀ ਭਾਸ਼ਾ ਵਿਚੋਂ ਕਈ ਭਾਸ਼ਾਵਾਂ [ਬ੍ਰਿਜ, ਹਿੰਦਵੀ, ਭਟ-ਭਾਸ਼ਾ, ਸਹਸਕ੍ਰਿਤੀ, ਗਾਥਾ, ਫ਼ਾਰਸੀ (ਰੇਖਤਾ), ਪੰਜਾਬੀ ਅਥਵਾ ਇਸ ਦੀਆਂ ਵਖ ਵਖ ਉਪ-ਭਾਖਾਂ—ਲਹਿੰਦੀ, ਡੋਗਰੀ, ਪੋਠੋਹਾਰੀ, ਆਦਿ] ਦੀ ਵੰਨਗੀ ਉਪਲਭਧ ਹੈ। ਭਗਤ-ਬਾਣੀ ਵਿਚ ਦੈਵੀ-ਭਗਤਾਂ ਦੀਆਂ ਪ੍ਰਾਂਤਕ ਭਾਸ਼ਾਵਾਂ—ਬ੍ਰਿਜ, ਮਾਰਵਾੜੀ, ਗੁਜਰਾਤੀ, ਬੰਗਲਾ, ਮਰਾਠੀ ਆਦਿ ਦੇ ਸ਼ਬਦ ਵੀ ਬੇਅੰਤ ਹਨ।

ਗੁਰਬਾਣੀ ਦੀ ਭਾਸ਼ਾ ਪੰਜ ਸੌ ਸਾਲ ਤੋਂ ਲੈ ਕੇ ਅਠ ਸੌ ਸਾਲ ਤਕ ਪੁਰਾਣੀ ਹੈ। ਗੁਰਬਾਣੀ ਭਾਵੇਂ ਗੁਰਮੁਖੀ ਲਿਪੀ ਵਿਚ ਲਿਖੀ ਹੋਈ ਹੈ, ਪਰ ਇਸ ਦੀ ਲਿਖਣ-ਸ਼ੈਲੀ ਤਕਰੀਬਨ ਚਾਰ ਸੌ ਸਾਲ ਪੁਰਾਣੀ ਹੈ, ਜਿਸ ਉਤੇ ਦੇਵਨਾਗਰੀ ਦੀ ਲਿਖਣ-ਸ਼ੈਲੀ ਦਾ ਪ੍ਰਭਾਵ ਸਪੱਸ਼ਟ ਦਿਸਦਾ ਹੈ। ਗੁਰਬਾਣੀ ਦੀ ਲਿਖਤ ਵਿਚ 'ਯ' ਅਤੇ 'ਵ' ਦੀ ਸ੍ਵਰੀ ਵਰਤੋਂ ਅਤੇ ਦੂਹਰੀ ਤੀਹਰੀ ਧੁਨੀ ਵਾਲੇ ਸੁਰਾਂ ਦੀ ਵਰਤੋਂ ਬੇਅੰਤ ਥਾਈਂ ਮਿਲਦੀ ਹੈ, ਪਰ ਅਜਿਹੀ ਵਰਤੋਂ ਅਜੋਕੀ ਪੰਜਾਬੀ ਲਿਖਤ ਵਿਚ ਲਗਪਗ ਬੰਦ ਹੋ ਚੁੱਕੀ ਹੈ।

ਸਕੂਲੀ ਵਿਦਿਆ ਦੀ ਪ੍ਰਾਪਤੀ ਨਾਲ ਅਜੋਕੀ ਲਿਖਤ ਨੂੰ ਪੜ੍ਹ ਸਕਣ ਦੀ ਸਮਰੱਥਾ ਤਾਂ ਅਵੱਸ਼ ਆ ਜਾਂਦੀ ਹੈ। ਪਰ ਗੁਰਬਾਣੀ ਦੀ ਪੁਰਾਤਨ ਭਾਸ਼ਾ, ਜੋ ਪੁਰਾਤਨ ਲਿਖਣ-ਸ਼ੈਲੀ ਅਨੁਸਾਰ ਅਤੇ ਖ਼ਾਸ ਕਰਕੇ ਲੜੀਦਾਰ ਰੂਪ ਵਿਚ ਲਿਖੀ ਹੋਈ ਹੈ, ਇਸ ਨੂੰ ਕੇਵਲ ਸਕੂਲੀ ਵਿਦਿਆ ਦੇ ਬਲ-ਬੋਤੇ ਸ਼ੁੱਧ ਰੂਪ ਵਿਚ ਪੜ੍ਹ ਸਕਣਾ ਸੰਭਵ ਨਹੀਂ। ਇਸ ਲਈ ਤਾਂ ਗੁਰਬਾਣੀ ਦੇ ਸੁਸਿੱਖਿਅਤ ਪਾਠੀ ਸਿੰਘ ਪਾਸੋਂ ਸੰਥਿਆ ਲੈਣੀ ਲੋੜੀਦੀ ਹੈ।

ਪਿਛਲੇ ਸਮੇਂ ਵਿਚ ਪ੍ਰਚਲਤ ਪ੍ਰਥਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨੀਂ ਲਗਣ ਤੋਂ ਪਹਿਲਾਂ ਪੰਜ ਗ੍ਰੰਥੀ, ਦਸ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ ਆਦਿ ਬਾਣੀਆਂ ਦੇ ਪਾਠ ਦੀ ਸੰਥਿਆ ਸੁਸਿੱਖਿਅਤ ਪਾਠੀ ਸਿੰਘਾਂ ਤੋਂ ਲਈ ਜਾਂਦੀ ਸੀ ਤੇ ਇਸ ਤੋਂ ਮਗਰੋਂ ਪਾਠ ਸਰਲ ਕਰਨ ਦਾ ਕਾਫ਼ੀ ਅਭਿਆਸ ਕੀਤਾ ਜਾਂਦਾ ਸੀ। ਸਮੇਂ ਦੇ ਗੇੜ ਨਾਲ ਜਾਂ ਤਾਂ ਸੁਸਿੱਖਿਅਤ ਪਾਠੀ ਸਿੰਘ ਮਿਲਣੇ ਦੁਰਲਭ ਹੋ ਗਏ ਹਨ, ਜਾਂ ਫਿਰ ਸਿੱਖ ਜਗਿਆਸੂਆਂ ਪਾਸ ਪਾਠ ਦੀ ਸੰਥਿਆ ਲਾਉਣ ਦੀ ਵਿਹਲ ਅਥਵਾ ਲਗਨ ਹੀ ਨਹੀਂ ਰਹੀ। ਬਹੁਤੇ ਪ੍ਰੇਮੀ ਸਿੱਖਿਆ ਲਏ ਬਗੈਰ ਹੀ ਪਾਠ ਕਰਨਾ ਅਰੰਭ ਕਰ ਦੇਂਦੇ ਹਨ। ਗੁਰਬਾਣੀ ਦੇ ਸ਼ੁੱਧ ਪਾਠ ਕਰਨ ਦੀ ਸਮਰੱਥਾ ਲਈ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਤਾਂ ਸਾਰਿਆਂ ਵਲੋਂ ਕੀਤੀ ਜਾਂਦੀ ਹੈ, ਪਰ ਇਸ ਲਈ ਲੋੜੀਂਦਾ ਉਪਰਾਲਾ ਵਿਰਲੇ ਹੀ ਕਰਦੇ ਹਨ।

ਅੱਜ ਕੱਲ੍ਹ ਤਕਰੀਬਨ ਹਰ ਸ਼ਹਿਰ ਵਿਚ ਅਖੰਡ ਪਾਠ-ਸੇਵਾ ਸੁਸਾਇਟੀਆਂ ਬਣੀਆਂ ਹੋਈਆਂ ਹਨ, ਜੋ ਪ੍ਰੇਮੀ ਪਾਠੀਆਂ ਕੋਲੋਂ ਨਿਸ਼ਕਾਮ ਭਾਵਨਾ ਨਾਲ ਘਰੋ-ਘਰੀ ਪਾਠ ਕਰਾਉਂਦੀਆਂ ਹਨ। ਉਹਨਾਂ ਦੀ ਭਾਵਨਾ ਅਤੇ ਪ੍ਰਯੋਜਨ ਤਾਂ ਬਹੁਤ ਸਲਾਘਾ ਯੋਗ ਹੈ, ਪਰ ਵੇਖਣ ਵਿਚ ਆਇਆ ਹੈ ਕਿ ਅਣਸਿੱਖੇ ਪ੍ਰੇਮੀ ਪਾਠ ਕਰਨ ਵਿਚ ਅਣਗਿਣਤ ਗਲਤੀਆਂ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਅਖੰਡ ਪਾਠ-ਸੇਵਾ ਸੁਸਾਇਟੀਆਂ ਵਲੋਂ ਗੁਰਬਾਣੀ ਦੇ ਸ਼ੁੱਧ ਉਚਾਰਣ ਸੰਬੰਧੀ ਸਿੱਖਿਆ ਦੇਣ ਦਿਵਾਉਣ ਵਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।

ਗੁਰਬਾਣੀ ਦੇ ਸ਼ੁੱਧ ਉਚਾਰਣ ਦੇ ਮਹੱਤਵ ਪੂਰਨ ਵਿਸ਼ੇ ਵਲ ਪੰਥਕ ਪੱਧਰ ਤੇ ਲੋੜੀਂਦਾ ਧਿਆਨ ਅੱਜ ਤਕ ਨਹੀਂ ਦਿੱਤਾ ਗਿਆ। ਕੁਝ ਕੁ ਸੁਭਾਗੇ ਵਿਅਕਤੀਆਂ ਜਾਂ ਸੰਸਥਾਵਾਂ ਵਲੋਂ ਨਿੱਜੀ ਪੱਧਰ ਤੇ ਥੋੜਾ ਬਹੁਤ ਧਿਆਨ ਦਿੱਤਾ ਗਿਆ ਹੈ, ਪਰ ਉਚਾਰਣ ਦੀਆਂ ਸਮੱਸਿਆਵਾਂ, ਜਿਨ੍ਹਾਂ ਬਾਰੇ ਵਿਦਵਾਨਾਂ ਵਿਚ ਪਰਸਪਰ ਵਿਚਾਰਾਂ ਦਾ ਵਖੇਵਾਂ ਹੈ, ਉਹਨਾਂ ਦੇ ਸਮਾਧਾਨ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕੀਤਾ ਗਿਆ।

ਗੁਰਬਾਣੀ ਦੇ ਸ਼ੁੱਧ ਉਚਾਰਣ ਸੰਬੰਧੀ ਕਈ ਸਮੱਸਿਆਵਾਂ ਹਨ। ਇਹਨਾਂ ਵਿਚੋਂ ਇਕ ਸਮੱਸਿਆ ਇਹ ਹੈ ਕਿ ਗੁਰਬਾਣੀ ਦੀ ਸ਼ੁੱਧ ਛਪਾਈ ਵਲ ਯੋਗ ਧਿਆਨ ਨਹੀਂ ਦਿੱਤਾ ਜਾਂਦਾ। ਪ੍ਰਕਾਸ਼ਕਾਂ ਦੀ ਅਣਗਹਿਲੀ ਕਾਰਨ ਕਈ ਅਸ਼ੁੱਧੀਆਂ ਛਪ ਜਾਂਦੀਆਂ ਹਨ। ਇਸ ਤਰ੍ਹਾਂ ਵਖ ਵਖ ਪ੍ਰਕਾਸ਼ਕਾਂ ਵਲੋਂ ਛਾਪੀ ਜਾਣ ਵਾਲੀ ਬੀੜ ਦੀ ਹਰ ਨਵੀਂ ਐਡੀਸ਼ਨ ਸਮੇਂ ਅਸ਼ੁੱਧੀਆਂ ਦੀ ਗਿਣਤੀ ਵਿਚ ਵਾਧਾ ਹੁੰਦਾ ਚਲਿਆ ਆ ਰਿਹਾ ਹੈ। ਇਹ ਇਕ ਤਲਖ਼ ਸਚਾਈ ਹੈ ਕਿ ਵਖ ਵਖ ਪ੍ਰਕਾਸ਼ਕਾਂ ਦੁਆਰਾ ਛਪੀਆਂ ਬੀੜਾਂ ਵਿਚ ਪਰਸਪਰ ਕਈ ਪਾਠ-ਭੇਦ ਹਨ; ਖ਼ਾਸ ਕਰਕੇ ਪਦ-ਛੇਦ ਛਪਾਈ ਵਾਲੀਆਂ ਬੀੜਾਂ ਵਿਚ। ਬੜੇ ਦੁੱਖ ਦੀ ਗੱਲ ਹੈ ਕਿ ਇਸ ਪਾਸੇ ਕਿਸੇ ਸੰਸਥਾ ਵਲੋਂ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ।

[ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ, ਭਾਗ ੨ "ਗੁਰਬਾਣੀ ਉਚਾਰਣ" ਪੁਸਤਕ ਵਿਚੋਂ]

← Back To Talwara Articles