ਗੁਰਮਤਿ ਪਰਚਾਰ

ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰਮਤਿ ਦਾ ਪ੍ਰਚਾਰ ਕਰਨ ਲਈ ਸਿੱਖ ਸੰਗਤਾਂ ਨੂੰ ਸੰਗਠਿਤ ਕਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਾਰ ਉਦਾਸੀਆਂ ਵਿਚ ਵੱਖ-ਵੱਖ ਥਾਵਾਂ 'ਤੇ ਧਰਮਸਾਲਾਂ ਕਾਇਮ ਕੀਤੀਆਂ ਸਨ ਤੇ ਉਨ੍ਹਾਂ ਦੇ ਪ੍ਰਬੰਧ ਲਈ ਸਥਾਨਿਕ ਸੰਗਤ ਵਿੱਚੋਂ ਇਕ ਇਕ ਮੁਖੀਆ (ਧਰਮਸਾਲੀਆ) ਥਾਪਿਆ ਸੀ।

ਸਿੱਖ ਧਰਮ ਦੇ ਸਿਧਾਂਤ ਬੜੇ ਉਸਾਰੂ ਤੇ ਸੁਧਾਰਕ ਹੋਣ ਕਾਰਨ ਜਿਥੇ ਇਹ ਲੋਕ-ਪ੍ਰਿਯ ਹੋ ਗਿਆ ਸੀ, ਉਥੇ ਜਾਤ-ਅਭਿਮਾਨੀ ਤੇ ਕਰਮ-ਕਾਂਡੀ ਬੰਦਿਆਂ ਵੱਲੋਂ ਇਸ ਦੀ ਵਿਰੋਧਤਾ ਵੀ ਸ਼ੁਰੂ ਹੋ ਗਈ ਸੀ। ਸੋ ਲੋੜ ਸੀ ਕਿ ਧਰਮ ਪਰਚਾਰ ਦਾ ਕੌਮ ਨਿਯਮ ਬੱਧ ਕਰ ਕੇ ਪੱਕੇ ਪੈਰੀਂ ਖੜਾ ਕੀਤਾ ਜਾਏ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਮੰਤਵ ਦੀ ਪੂਰਤੀ ਲਈ 22 ਮੰਜੀਆਂ ਥਾਪੀਆਂ ਤੇ ਇਸ ਲਈ ਗੁਰਮਤਿ ਵਿਚ ਪਰਪੱਕ 22 ਪਰਚਾਰਕ ਨਿਯੁਕਤ ਕੀਤੇ, ਜਿਨ੍ਹਾਂ ਦਾ ਵੇਰਵਾ ਮਹਾਨ ਕੋਸ਼ ਵਿਚ ਇਸ ਪ੍ਰਕਾਰ ਦਿੱਤਾ ਹੋਇਆ ਹੈ :

◆ ◆ ◆

ਅੱਲਾ ਯਾਰ

ਘੋੜਿਆਂ ਦਾ ਵਪਾਰ ਕਰਦਾ ਸੀ। ਬਿਆਸ ਦੇ ਕਿਨਾਰੇ ਇਕ ਦਿਨ ਇਸ ਦਾ ਭਾਈ ਪਾਰੋ ਪਰਮ-ਹੰਸ ਡੱਲਾ ਨਿਵਾਸੀ ਨਾਲ ਮੇਲ ਹੋਇਆ, ਜਿਸ ਤੋਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਦੀ ਸਿੱਕ ਹੋਈ। ਭਾਈ ਸਾਹਿਬ ਦੇ ਨਾਲ ਗੁਰੂ-ਦਰਬਾਰ ਪਹੁੰਚ ਕੇ ਗੁਰਸਿੱਖੀ ਧਾਰਨ ਕੀਤੀ ਅਤੇ ਗੁਰਮੁਖ ਸਿੱਖਾਂ ਵਿਚ ਗਿਣਿਆ ਗਿਆ।

ਸੱਚਨ ਸੱਚ

ਮੰਦਰ ਨਾਮੇ ਪਿੰਡ (ਜ਼ਿਲਾ ਲਾਹੌਰ, ਤਹਿਸੀਲ ਸ਼ਕਰਪੁਰ) ਦਾ ਵਸਨੀਕ ਇਕ ਬ੍ਰਾਹਮਣ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ। ਇਹ ਹਰ ਵੇਲੇ "ਸੱਚਨ ਸੱਚ" ਸ਼ਬਦ ਕਹਿਆ ਕਰਦਾ ਸੀ। ਇਸੇ ਕਾਰਨ ਇਸ ਦਾ ਇਹੋ ਨਾਮ ਪ੍ਰਸਿੱਧ ਹੋ ਗਿਆ। ਹਰੀਪੁਰ ਦੇ ਰਾਜੇ ਨਾਲ ਆਈਆਂ ਰਾਣੀਆਂ ਵਿੱਚੋਂ ਇਕ ਪਾਗਲ ਹੋ ਗਈ, ਜਿਸ ਨੂੰ ਉਹ ਗੋਇੰਦਵਾਲ ਹੀ ਛੱਡ ਗਿਆ ਸੀ। ਸਤਿਗੁਰਾਂ ਨੇ ਉਸ ਨੂੰ ਅਰੋਗ ਕਰ ਕੇ ਉਸ ਦਾ ਅਨੰਦ ਸੱਚਨ ਸੱਚ ਨਾਲ ਕਰਵਾ ਦਿੱਤਾ। ਇਹ ਜੋੜਾ ਜੀਵਨ-ਭਰ ਗੁਰਮਤਿ ਦਾ ਪ੍ਰਚਾਰ ਕਰਦਾ ਰਿਹਾ।

ਸਾਧਾਰਣ

ਇਹ ਗੋਇੰਦਵਾਲ ਦਾ ਵਸਨੀਕ ਇਕ ਲੁਹਾਰ ਸੀ, ਜੋ ਸ੍ਰੀ ਗੁਰੂ ਅਮਰਦਾਸ ਦੀ ਸ਼ਰਨ ਆ ਕੇ ਸਿੱਖ ਬਣਿਆ ਤੇ ਗੁਰਮੁਖਿ ਪਦਵੀ ਦਾ ਅਧਿਕਾਰੀ ਹੋਇਆ। ਇਸ ਨੇ ਬਾਉਲੀ ਸਾਹਿਬ ਦੇ ਜਲ ਅੰਦਰ ਗੁਪਤ ਰਹਿਣ ਵਾਲੀ ਕਾਠ ਦੀ ਪਉੜੀ ਬਣਾਈ ਸੀ।

ਸਾਵਣ ਮਲ

ਬਾਬਾ ਸਾਵਣ ਮਲ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ। ਗੋਇੰਦਵਾਲ ਵਿਚ ਗੁਰੂ-ਦਰਬਾਰ ਅਤੇ ਸੰਗਤਾਂ ਲਈ ਨਿਵਾਸ ਬਣਾਉਣ ਲਈ ਜਦ ਕਾਠ ਦੀ ਜ਼ਰੂਰਤ ਹੋਈ ਤਾਂ ਇਨ੍ਹਾਂ ਨੂੰ ਹਰੀਪੁਰ ਵੱਲ ਪਹਾੜੀ ਲੱਕੜੀ ਲਿਆਉਣ ਲਈ ਭੇਜਿਆ ਗਿਆ। ਆਪ ਦੇ ਧਰਮ ਪਰਚਾਰ ਦਾ ਸਦਕਾ ਹਰੀਪੁਰ ਦਾ ਰਾਜਾ ਪਰਿਵਾਰ ਸਮੇਤ ਗੋਇੰਦਵਾਲ ਸਤਿਗੁਰਾਂ ਦੀ ਸ਼ਰਨ ਆਇਆ ਅਤੇ ਸਿੱਖ ਬਣਿਆ।

ਸੁੱਖਣ

ਧਮਿਆਲ ਪਿੰਡ ਦਾ (ਜੋ ਰਾਵਲਪਿੰਡੀ ਤੋਂ ਤਿੰਨ ਮੀਲ ਹੈ) ਵਸਨੀਕ ਖੱਤਰੀ, ਜੋ ਦੁਰਗਾ ਭਗਤ ਸੀ, ਸ੍ਰੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਆ ਕੇ ਗੁਰਮੁਖਿ ਸਿੱਖਾਂ ਵਿਚ ਗਿਣਿਆ ਗਿਆ। ਭਾਈ ਸੁੱਖਣ ਜੀ ਨੇ ਪੋਠੋਹਾਰ ਵਿਚ ਗੁਰਸਿੱਖੀ ਦਾ ਵੱਡਾ ਪਰਚਾਰ ਕੀਤਾ।

ਹੰਦਾਲ

ਜੰਡਿਆਲਾ ਨਿਵਾਸੀ ਹੰਦਾਲ ਜੱਟ ਸੰਮਤ 1630 ਵਿਚ ਸੁਖੀ ਦੇ ਗਰਭ ਤੋਂ ਗਾਜੀ ਦੇ ਘਰ ਜਨਮਿਆ। ਇਸ ਦੀ ਸ਼ਾਦੀ ਹਮਜ਼ੇ ਚਾਹਲ ਦੀ ਪੁੱਤਰੀ ਉਦਮੀ ਨਾਲ ਹੋਈ, ਜਿਸ ਤੋਂ ਬਿਧੀ ਚੰਦ ਪੁੱਤਰ ਪੈਦਾ ਹੋਇਆ। ਭਾਈ ਹੰਦਾਲ ਸ੍ਰੀ ਗੁਰੂ ਅਮਰਦਾਸ ਜੀ ਦਾ ਅਨਿੰਨ ਸਿੱਖ ਹੋਇਆ, ਜਿਸ ਦੀ ਘਾਲ-ਕਮਾਈ 'ਤੇ ਪ੍ਰਸੰਨ ਹੋ ਕੇ ਗੁਰੂ ਜੀ ਨੇ ਪਰਚਾਰਕ ਥਾਪ ਕੇ ਮੰਜੀ ਬਖ਼ਸ਼ੀ। ਇਹ ਪ੍ਰੇਮੀ ਗੁਰੂ ਸਾਹਿਬ ਜੀ ਦੇ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ ਰਿਹਾ। ਇਸ ਦੇ ਪਿੰਡ ਦਾ ਨਾਮ ਗੁਰੂ ਕਾ ਜੰਡਿਆਲਾ ਪ੍ਰਸਿੱਧ ਹੋਇਆ।

ਕੇਦਾਰੀ

ਵਟਾਲੇ ਦਾ ਵਸਨੀਕ ਲੂੰਬਾ ਖੱਤਰੀ, ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਵੱਡਾ ਕਰਣੀ ਵਾਲਾ ਪ੍ਰਸਿੱਧ ਹੋਇਆ।

ਖੇਡਾ

ਖੇਮਕਰਨ (ਜ਼ਿਲਾ ਲਾਹੌਰ) ਦਾ ਵਸਨੀਕ ਇਕ ਦੁਰਗਾ ਭਗਤ ਬ੍ਰਾਹਮਣ, ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਕਰਤਾਰ ਦਾ ਅਨਿੰਨ ਸੇਵਕ ਹੋਇਆ।

ਪਾਰੋ

ਜਾਤਿ ਦਾ ਜੁਲਕਾ ਖੱਤਰੀ ਭਾਈ ਪਾਰੋ ਜੀ ਡੱਲੇ ਦਾ ਨਿਵਾਸੀ ਸੀ। ਇਹ ਗੁਰੂ ਅੰਗਦ ਦੇਵ ਜੀ ਦਾ ਸਿੱਖ ਬਣਿਆ ਸੀ। ਗੁਰੂ-ਦਰਬਾਰ ਵਿਚ ਸੇਵਾ ਕਰ ਕੇ ਇਸ ਨੇ ਪਰਮ-ਹੰਸ ਦੀ ਪਦਵੀ ਹਾਸਲ ਕੀਤੀ। ਸਤਿਗੁਰੂ ਜੀ ਨੇ ਇਸ ਨੂੰ ਪਰਚਾਰਕ ਥਾਪ ਕੇ ਮੰਜੀ ਬਖ਼ਸ਼ੀ।

ਫੇਰਾ

ਮੀਰਪੁਰ (ਇਲਾਕਾ ਜੰਮੂ) ਦਾ ਵਸਨੀਕ ਕਟਾਰਾ ਜਾਤਿ ਦਾ ਖੱਤਰੀ, ਜੋ ਜੋਗੀਆਂ ਦਾ ਚੇਲਾ ਸੀ, ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਸਿੱਖ ਹੋ ਕੇ ਆਤਮ ਗਿਆਨੀ ਹੋਇਆ। ਇਸ ਨੇ ਪਹਾੜੀ ਇਲਾਕੇ ਵਿਚ ਸਿੱਖੀ ਦਾ ਬਹੁਤ ਪਰਚਾਰ ਕੀਤਾ।

ਗੰਗੂ ਸ਼ਾਹ

ਗੜ੍ਹਸ਼ੰਕਰ ਦਾ ਵਸਨੀਕ ਗੰਗੂ ਸ਼ਾਹ ਖੱਤਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋਇਆ। ਗੁਰੂ ਸਾਹਿਬ ਜੀ ਨੇ ਇਸ ਨੂੰ ਧਰਮ ਪਰਚਾਰ ਲਈ ਸਿਰਮੌਰ ਦੇ ਇਲਾਕੇ ਭੇਜਿਆ ਅਤੇ ਮੰਜੀ ਬਖ਼ਸ਼ੀ। ਇਸ ਦਾ ਪ੍ਰਸਿੱਧ ਅਸਥਾਨ 'ਦਾਊ' (ਜ਼ਿਲਾ ਅੰਬਾਲਾ) ਵਿਚ ਹੈ।

ਦਰਬਾਰੀ (੨)

ਪਿੰਡ ਮਜੀਠਾ (ਜ਼ਿਲਾ ਅੰਮ੍ਰਿਤਸਰ) ਦਾ ਵਸਨੀਕ ਲੂੰਬਾ ਖੱਤਰੀ ਭਾਈ ਦਰਬਾਰੀ, ਜੋ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਗੁਰਮੁਖ ਪਦਵੀ ਦਾ ਅਧਿਕਾਰੀ ਹੋਇਆ।

ਬੂਆ (੨)

ਹਰਿਗੋਬਿੰਦਪੁਰ ਦਾ ਵਸਨੀਕ ਤੇਹਣ ਖੱਤਰੀ ਭਾਈ ਬੂਆ, ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਪਰਮ-ਹੰਸ ਪਦਵੀ ਨੂੰ ਪ੍ਰਾਪਤ ਹੋਇਆ।

ਬੇਣੀ (੨)

ਪਿੰਡ ਚੂਹਨੀਆਂ (ਜ਼ਿਲਾ ਲਾਹੌਰ) ਦਾ ਵਸਨੀਕ ਇਕ ਪੰਡਿਤ ਦਿਗਵਿਜਯ ਕਰਦਾ ਫਿਰਦਾ ਸੀ, ਇਹ ਜਦ ਗੋਇੰਦਵਾਲ ਆਇਆ ਤਦ ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰ ਕੇ ਵਿਦਿਆ-ਅਭਿਮਾਨ ਛੱਡ ਕੇ ਗੁਰਸਿੱਖ ਹੋਇਆ। ਮਲਾਰ ਰਾਗ ਵਿਚ "ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ" ਸ਼ਬਦ ਏਸੇ ਪ੍ਰਥਾਈ ਗੁਰੂ ਸਾਹਿਬ ਨੇ ਉਚਾਰਿਆ। ਇਹ ਵੱਡਾ ਕਰਣੀ ਵਾਲਾ ਪਰਚਾਰਕ ਹੋਇਆ। ਇਸ ਦਾ ਨਾਉਂ ਬੇਣੀ ਮਾਧੋ ਭੀ ਲਿਖਿਆ ਮਿਲਦਾ ਹੈ। ਇਸ ਦੀ ਵੰਸ਼ ਵਿਚ ਹਰਿਦਿਆਲ ਉੱਤਮ ਕਵੀ ਹੋਇਆ ਹੈ, ਜਿਸ ਨੇ ਸਾਰੁਕਤਾਵਲੀ ਅਤੇ ਵੈਰਾਗ ਸ਼ਤਕ ਦਾ ਮਨੋਹਰ ਉਲਥਾ ਕੀਤਾ ਹੈ।

ਮਹੇਸ਼ਾ

ਸੁਲਤਾਨਪੁਰ ਨਿਵਾਸੀ ਇਕ ਧੀਰ ਜਾਤਿ ਦਾ ਖੱਤਰੀ, ਜੋ ਗੁਰੂ ਅਮਰਦਾਸ ਜੀ ਦਾ ਅਨਿੰਨ ਸਿੱਖ ਹੋ ਕੇ ਆਤਮ ਗਿਆਨੀ ਹੋਇਆ। ਗੁਰੂ ਸਾਹਿਬ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖ਼ਸ਼ੀ।

ਮਾਈ ਦਾਸ ਜੀ

ਨਰੋਲੀ ਪਿੰਡ (ਮਾਝੇ) ਦਾ ਵਸਨੀਕ ਇਕ ਸ੍ਯੰਪਾਕੀ ਵੈਸ਼ਨਵ, ਜੋ ਸਤਿਗੁਰ ਅਮਰਦਾਸ ਜੀ ਦੀ ਸ਼ਰਨ ਆਇਆ ਅਤੇ ਗੁਰਸਿੱਖ ਮਾਣਕ ਚੰਦ ਦੀ ਸੰਗਤਿ ਨਾਲ ਆਤਮ-ਗਿਆਨ ਨੂੰ ਪ੍ਰਾਪਤ ਹੋਇਆ। ਸ੍ਰੀ ਗੁਰੂ ਅਮਰਦਾਸ ਜੀ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖ਼ਸ਼ੀ। ਆਪ ਜੀ ਨੇ ਮਾਝੇ ਦੇ ਇਲਾਕੇ ਵਿਚ ਗੁਰਸਿੱਖੀ ਦਾ ਵੱਡਾ ਪਰਚਾਰ ਕੀਤਾ।

ਮਾਣਕ ਚੰਦ

ਵੈਰੋਵਾਲ ਦਾ ਇਕ ਵਸਨੀਕ ਪਥਰੀਆ ਖੱਤਰੀ, ਜਿਸ ਨੇ ਗੋਇੰਦਵਾਲ ਦੀ ਬਾਉਲੀ ਦਾ ਕੜ ਤੋੜਿਆ ਅਰ ਡੁੱਬ ਕੇ ਮਰ ਗਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਉਸ ਨੂੰ ਜੀਵਨ ਬਖ਼ਸ਼ਿਆ ਅਰ ਨਾਉਂ ਜੀਵੜਾ ਰੱਖਿਆ। ਇਹ ਵੱਡਾ ਕਰਣੀ ਵਾਲਾ ਗੁਰਮੁਖ ਹੋਇਆ। ਇਸ ਦੀ ਔਲਾਦ ਹੁਣ ਗੋਇੰਦਵਾਲ ਵਿਚ 'ਜੀਵੜੇ' ਪ੍ਰਸਿੱਧ ਹੈ। ਇਸਦੀ ਸੰਗਤ ਕਰ ਕੇ ਮਾਈ ਦਾਸ ਬੈਰਾਗੀ ਗੁਰਸਿੱਖੀ ਦਾ ਅਧਿਕਾਰੀ ਹੋਇਆ।

ਮੁਰਾਰੀ (ਮਥੋ ਮੁਰਾਰੀ)

ਜ਼ਿਲਾ ਲਾਹੌਰ ਖਾਈ ਪਿੰਡ ਦਾ ਇਕ ਵਸਨੀਕ ਪ੍ਰੇਮਾ ਖੱਤਰੀ, ਜੋ ਕੋੜ੍ਹੀ ਹੋ ਗਿਆ ਸੀ, ਸ੍ਰੀ ਗੁਰੂ ਅਮਰਦਾਸ ਜੀ ਦੀ ਮੇਹਰ ਦੁਆਰਾ ਅਰੋਗ ਹੋ ਗਿਆ। ਸਤਿਗੁਰੂ ਜੀ ਨੇ ਇਸ ਦਾ ਨਾਮ ਮੁਰਾਰੀ ਰੱਖਿਆ। ਸ਼ੀਹੇਂ ਉਪਲ ਖੱਤਰੀ ਨੇ ਆਪਣੀ ਪੁੱਤਰੀ ਮਥੋ ਭਾਈ ਮੁਰਾਰੀ ਨੂੰ ਵਿਆਹ ਦਿੱਤੀ। ਇਸ ਉੱਤਮ ਜੋੜੀ ਨੇ ਗੁਰਮਤਿ ਦਾ ਭਾਰੀ ਪਰਚਾਰ ਕੀਤਾ। ਦੋਹਾਂ ਦਾ ਸੰਮਿਲਤ ਨਾਮ ਇਤਿਹਾਸ ਵਿਚ ਪ੍ਰਸਿੱਧ ਹੋਇਆ। ਸਤਿਗੁਰਾਂ ਨੇ ਮਥੋਂ ਮੁਰਾਰੀ ਨੂੰ ਮੰਜੀ ਬਖ਼ਸ਼ੀ।

ਰਾਜਾ ਰਾਮ

ਇਕ ਸਾਰਸੁਤ ਬ੍ਰਾਹਮਣ, ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ, ਜਾਤੀ ਅਭਿਮਾਨ ਤੋਂ ਛੁਟਕਾਰਾ ਪਾ, ਆਤਮ ਗਿਆਨੀ ਹੋਇਆ, ਇਸ ਨੂੰ ਗੁਰੂ ਸਾਹਿਬ ਨੇ ਪਰਚਾਰਕ ਦੀ ਮੰਜੀ ਬਖ਼ਸ਼ੀ। ਆਪ ਜੀ ਦੀ ਔਲਾਦ ਹੁਣ ਪਿੰਡ ਸੰਧਮਾ ਜ਼ਿਲਾ ਜਲੰਧਰ ਵਿਚ ਵੱਸਦੀ ਹੈ।

ਰੰਗ ਸ਼ਾਹ

ਪਿੰਡ ਮੱਲੂ ਪੋਤੇ (ਜ਼ਿਲਾ ਜਲੰਧਰ) ਦਾ ਇਕ ਵਸਨੀਕ ਅਰੋੜਾ, ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਉੱਤਮ ਧਰਮ ਪਰਚਾਰਕ ਹੋਇਆ, ਗੁਰੂ ਸਾਹਿਬ ਜੀ ਨੇ ਇਸ ਨੂੰ ਮੰਜੀ ਬਖ਼ਸ਼ੀ। ਇਸ ਨੇ ਦੁਆਬੇ ਵਿਚ ਗੁਰਸਿੱਖੀ ਦੇ ਫੈਲਾਉਣ ਦਾ ਪੂਰਾ ਜਤਨ ਕੀਤਾ। ਇਸ ਦੀ ਔਲਾਦ ਹੁਣ ਬੰਗੇ ਵਿਚ ਵੱਸਦੀ ਹੈ।

ਰੰਗ ਦਾਸ

ਪਿੰਡ ਘੜੂੰਆਂ (ਜ਼ਿਲਾ ਅੰਬਾਲਾ) ਦਾ ਵਸਨੀਕ ਭੰਡਾਰੀ ਖੱਤਰੀ, ਜੋ ਵੈਰਾਗੀਆਂ ਦਾ ਚੇਲਾ ਸੀ। ਇਹ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਆਤਮ ਗਿਆਨੀ ਹੋਇਆ। ਗੁਰੂ ਸਾਹਿਬ ਜੀ ਨੇ ਇਸ ਨੂੰ ਪਰਚਾਰਕ ਦੀ ਮੰਜੀ ਬਖ਼ਸ਼ੀ। ਭਾਈ ਰੰਗ ਦਾਸ ਦੀ ਵੰਸ਼ ਘੜੂੰਏਂ ਵਿਚ ਆਬਾਦ ਹੈ।

ਲਾਲੋ (੨)

ਡੱਲਾ ਨਿਵਾਸੀ ਸਭਰਵਾਲ ਖੱਤਰੀ, ਜੋ ਸ੍ਰੀ ਗੁਰੂ ਅਮਰਦਾਸ ਜੀ ਦਾ ਸਿੱਖ ਹੋ ਕੇ ਆਤਮ-ਗਿਆਨੀ ਹੋਇਆ। ਇਸ ਨੂੰ ਗੁਰੂ ਪਾਤਸ਼ਾਹ ਜੀ ਨੇ ਪਰਚਾਰਕ ਦੀ ਮੰਜੀ ਬਖ਼ਸ਼ੀ। ਇਹ ਉੱਤਮ ਵੈਦ ਸੀ, ਖ਼ਾਸ ਕਰਕੇ ਤੋਈਆ ਤਾਪ ਦੂਰ ਕਰਨ ਵਿਚ ਕਮਾਲ ਰੱਖਦਾ ਸੀ।

ਇਹ ਲਿਖਤ "ਜੀਵਨ ਕਥਾ ਸ੍ਰੀ ਗੁਰੂ ਅਮਰਦਾਸ ਜੀ" ਵਿੱਚੋਂ ਲਈ ਗਈ ਹੈ, ਲੇਖਕ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ।

← Back To Talwara Articles