ਹਨੇਰ ਸਾਈਂ ਦਾ !

ਪਹਿਲੋਂ ਭੀ ਇਹ ਕਾਫ਼ੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਗੁਰੂ ਆਸ਼ੇ ਅਨੁਸਾਰ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੜੀਵਾਰ (ਜੁੜਤ ਸ਼ਬਦਾਂ ਵਾਲਾ) ਸਰੂਪ ਹੀ ਠੀਕ, ਦਰੁਸਤ ਅਤੇ ਅਕਾਲ ਪੁਰਖ ਵੱਲੋਂ ਧੁਰ-ਧੁਰੰਦਰੀ ਗਿਣਿਆ ਮਿਥਿਆ ਸਰੂਪ ਹੈ। ਗੁਰੂ ਸਾਹਿਬ ਜੀ ਦਾ ਪਦ-ਛੇਦ ਸਰੂਪ ਚਾਤੁਰ ਮਨਮਤੀਆਂ ਦੀ ਸੋਚਣੀ ਦਾ ਸਿੱਟਾ ਹੈ। ਇਹ ਮਜ਼ਮੂਨ ਲਤੀਫ਼ (ਬਾਰੀਕ) ਹੈ। ਜੇਕਰ ਹੁਣ ਤਕ ਕੀਤੇ ਗਏ ਉਪਰਾਲੇ ਦੇ ਬਾਵਜੂਦ ਭੀ ਇਹ ਘੁੰਡੀ ਕੁਝ ਕੁ ਸੱਜਣਾਂ ਦੀ ਸਮਝ ਵਿਚ ਨਾ ਆ ਸਕੀ ਹੋਵੇ ਤਾਂ ਉਨ੍ਹਾਂ ਦੀ ਸਹਾਇਤਾ ਵਾਸਤੇ ਇਕ ਹੋਰ ਉਪਰਾਲਾ ਕੀਤਾ ਜਾਂਦਾ ਹੈ।

ਗੁਰਬਾਣੀ ਦੇ ਲੜੀਦਾਰ ਸਰੂਪ ਤੋਂ ਪਾਠ ਕਰਨ ਵਾਲੇ ਪ੍ਰੇਮੀ, ਜਿਹੜੇ ਕਈ ਕਠਿਨ ਸ਼ਬਦਾਂ ਦੇ ਸ਼ੁਧ ਨਿਖੇੜ ਬਾਰੇ ਆਪਸ ਵਿਚ ਸਹਿਮਤੀ ਨਹੀਂ ਰੱਖਦੇ, ਗੁਰਬਾਣੀ ਦੇ ਗ਼ਲਤ ਉਚਾਰਨ ਨੂੰ, ਇਕ ਦੂਜੇ ਦਾ ਹੀ ਕਸੂਰ ਦੱਸਿਆ ਕਰਦੇ ਹਨ। ਕੋਈ ਕਹਿੰਦਾ ਹੈ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਦੇ ਟੀਕੇ ਮੁਤਾਬਿਕ ਸ਼ਬਦ-ਨਿਖੇੜ ਠੀਕ ਹੈ, ਕੋਈ ਕਹਿੰਦਾ ਹੈ ਭਾਈ ਕਾਹਨ ਸਿੰਘ ਜੀ ਦੇ ਕੋਸ਼ ਮੁਤਾਬਿਕ ਸ਼ਬਦ-ਨਿਖੇੜ ਠੀਕ ਹੈ, ਕੋਈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਵੱਲੋਂ ਦਿੱਤੀ ਅਗਵਾਈ ਨੂੰ ਠੀਕ ਸਮਝਦਾ ਹੈ, ਕੋਈ ਕਿਸੇ ਟਕਸਾਲ ਨੂੰ ਅਤੇ ਕੋਈ ਕਿਸੇ ਟਕਸਾਲ ਨੂੰ ਠੀਕ ਮੰਨਦਾ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਕੋਈ ਮਨੁੱਖ ਵੀ ਉਂਗਲ ਕਰਨ ਦੀ ਜੁਰੱਅਤ ਨਹੀਂ ਕਰ ਸਕਦਾ ਕਿ ਇਹ ਗ਼ਲਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਨ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 'ਸਮੂਹ ਗੁਰਬਾਣੀ' ਜੁੜਤ ਸ਼ਬਦਾਂ ਵਿਚ ਦਰਜ ਹੈ। ਲੜੀਦਾਰ ਸਰੂਪ ਤੋਂ ਠੀਕ ਜਾਂ ਗ਼ਲਤ ਉਚਾਰਨ ਕਰਨਾ ਪਾਠੀ ਜਨਾਂ ਦਾ ਆਪਣਾ ਹੀ ਕਰਤਵ ਹੈ। ਲੜੀਦਾਰ ਸਰੂਪ ਹੋਣ ਦੇ ਕਾਰਨ ਗੁਰੂ ਸਾਹਿਬ ਜੀ ਪਦ-ਛੇਦੀ-ਗ਼ਲਤੀਆਂ ਤੋਂ ਮੁਕਤ ਹਨ (ਗ਼ਲਤੀ-ਰਹਿਤ ਹਨ)। ਗੁਰੂ ਪੂਰਾ ਹੈ ਅਤੇ ਅਭੁੱਲਾ ਹੈ। ਅਸੀਂ ਅਧੂਰੇ ਹਾਂ ਅਤੇ ਸਦਾ ਹੀ ਭੁਲਣਹਾਰ ਹਾਂ।

ਹੁਣ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਦ-ਛੇਦ ਸਰੂਪ ਵੱਲ ਧਿਆਨ ਲਿਆਈਏ। ਕਈ ਪਦ-ਛੇਦ ਸਰੂਪ ਬਾਜ਼ਾਰੀ ਵਾਪਾਰੀਆਂ ਨੇ ਪਰਿੰਟ ਕਰਾਏ ਹਨ ਅਤੇ ਕਈ ਸ਼੍ਰੋਮਣੀ ਕਮੇਟੀ ਨੇ। ਇਨ੍ਹਾਂ ਵਿਚ ਕਈ ਪਦ-ਛੇਦੀ ਫਰਕ ਹਨ। ਇਨ੍ਹਾਂ ਸਰੂਪਾਂ ਵਿਚੋਂ ਕੋਈ ਭੀ ਇਕ ਸਰੂਪ ਸਮੂਹ ਟੀਕਾਕਾਰਾਂ ਦੀ ਤਸੱਲੀ ਨਹੀਂ ਕਰ ਸਕਦਾ। ਸ਼ਬਦਾਂ ਦੇ ਨਿਖੇੜ ਬਾਰੇ ਜਿਸ ਵਿਚ ਟੀਕਾਕਾਰ ਵੱਲੋਂ ਦਿੱਤੀ ਗਈ ਵਿਆਖਿਆ ਦਾ ਕੋਈ ਕਾਇਲ ਹੈ, ਉਹ ਉਸ ਟੀਕਾਕਾਰ ਨੂੰ ਦ੍ਰਿੜ੍ਹ ਵਿਸ਼ਵਾਸ ਨਾਲ ਠੀਕ ਸਮਝਦਾ ਹੈ ਅਤੇ ਬਾਕੀ ਦੇ ਟੀਕਾਕਾਰਾਂ ਦੀ ਦਲੀਲ ਨੂੰ ਗ਼ਲਤ ਸਮਝਦਾ ਹੈ। ਇਸ ਲਈ ਇਨ੍ਹਾਂ ਸਮੂਹ ਪਾਠੀਆਂ ਨੂੰ ਪਦ-ਛੇਦ ਸਰੂਪਾਂ ਵਿਚ ਕਈ ਕਈ ਗ਼ਲਤੀਆਂ ਪਰਿੰਟ ਹੋਈਆਂ ਨਜ਼ਰ ਆਉਂਦੀਆਂ ਹਨ, ਜਿਨ੍ਹਾਂ ਵੱਲ ਉਂਗਲਾਂ ਕਰ ਕੇ ਇਹ ਲੋਕ ਆਪਣੀ ਰਾਏ ਦਰੁਸਤ ਮਿਥਦੇ ਹਨ। ਇਸ ਤਰ੍ਹਾਂ ਗੁਰਬਾਣੀ ਦੇ ਗ਼ਲਤ ਉਚਾਰਨ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਰ ਹੀ ਥੱਪੀ ਜਾਂਦੀ ਹੈ। ਵਨੰਗੀ ਮਾਤਰ ਕੁਝ ਕੁ ਗ਼ਲਤੀਆਂ ਇਸ ਪ੍ਰਕਾਰ ਹਨ:

◆ ◆ ◆

੧

ਇਕ ਟੀਕਾਕਾਰ ਕਹਿੰਦਾ ਹੈ, 'ਏਤੇ ਕੂਕਰ ਹਉ ਬੇਗਾਨਾ' ਪਾਠ ਠੀਕ ਹੈ
ਦੂਜਾ ਕਹਿੰਦਾ ਹੈ, 'ਏਤੇ ਕੂਕ ਰਹਉ ਬੇਗਾਨਾ' ਪਾਠ ਦਰੁਸਤ ਹੈ।

੨

ਇਕ ਕਹਿੰਦਾ ਹੈ, 'ਦਰ ਸਰੀਤਾ' ਸ਼ਬਦ ਨਿਖੇੜ ਠੀਕ ਹੈ।
ਦੂਜਾ ਕਹਿੰਦਾ ਹੈ 'ਦਰਸ ਰੀਤਾ' ਨਿਖੇੜ ਠੀਕ ਹੈ।

੩

ਕੋਈ 'ਪੰਚਾਹ ਰੁਨਿ ਦਲਿਅਉ' ਪਾਠ ਠੀਕ ਸਮਝਦਾ ਹੈ।
ਕੋਈ 'ਪੰਚਾਹਰੁ ਨਿਦਲਿਅਉ' ਨੂੰ ਠੀਕ ਸਮਝਦਾ ਹੈ।

੪

ਕੋਈ 'ਸਬਦ ਸੁਰਤਿ ਕੀ ਨੀਵ ਰਖਾਈ' ਹੀ ਦਰੁਸਤ ਮੰਨੀ ਬੈਠਾ ਹੈ।
ਅਤੇ ਦੂਜੇ 'ਸਬਦ ਸੁਰਤਿ ਕੀਨੀ ਵਰਖਾਈ' ਨੂੰ ਸਪਸ਼ਟ ਕਰਦਾ ਹੈ।

੫

ਕੋਈ 'ਸਤਿਗੁਰ ਪ੍ਰਸਾਦਿ' ਨਿਖੇੜ ਨੂੰ ਠੀਕ ਸਮਝਦਾ ਹੈ
ਕੋਈ 'ਸਤਿ ਗੁਰਪ੍ਰਸਾਦਿ' ਨਿਖੇੜ ਨੂੰ ਠੀਕ ਕਹਿੰਦਾ ਹੈ।

◆ ◆ ◆

ਇਸ ਪ੍ਰਕਾਰ ਹੋਰ ਅਨੇਕਾਂ ਸ਼ਬਦ ਹਨ, ਜਿਨ੍ਹਾਂ ਦੇ ਸ਼ੁਧ ਨਿਖੇੜ ਬਾਰੇ ਗੁਣਵਾਨ ਵਿਅਕਤੀਆਂ ਵਿਚ ਇਕ ਰਾਏ ਨਹੀਂ ਹੈ? ਇਕ ਪਦ-ਛੇਦ ਸਰੂਪ ਕਿਹੜੇ ਕਿਹੜੇ ਟੀਕਾਕਾਰ ਦੀ ਤਸੱਲੀ ਕਰਾਏਗਾ? ਸਭਨਾ ਦੀ ਤਸੱਲੀ ਕਰਾਉਣੀ ਤਾਂ ਇਕ ਪਦ-ਛੇਦ ਸਰੂਪ ਲਈ ਅਸੰਭਵ ਹੈ। ਜਿਸ ਟੀਕਾਕਾਰ ਦੀ ਤਸੱਲੀ ਨਾ ਹੋਈ, ਉਹੋ ਹੀ ਪਦ-ਛੇਦ ਗ਼ਲਤੀਆਂ ਉੱਤੇ ਨੱਕ ਚੜ੍ਹਾਏਗਾ। ਤਾਂ ਫਿਰ ਪਦ-ਛੇਦ ਸਰੂਪ ਦਾ ਸਤਿਕਾਰ ਕਿਥੇ ਰਹਿਆ?

ਹਨੇਰ ਸਾਈਂ ਦਾ! ਗੁਰੂ ਗ਼ਲਤ ਅਤੇ ਅਸੀਂ ਠੀਕ! ਅਫ਼ਸੋਸ ਸਦ ਅਫ਼ਸੋਸ! ਗੁਰਬਾਣੀ ਨੂੰ ਪਦ-ਛੇਦ ਕਰਨ ਨਾਲ, ਇਕ ਕਿਸਮ ਦਾ, ਗੁਰੂ ਸਾਹਿਬ ਜੀ ਦੇ ਮੂੰਹ ਵਿਚ, ਗੁਰਬਾਣੀ ਦੇ ਗ਼ਲਤ ਉਚਾਰਨ ਨੂੰ ਪਾ ਦਿੱਤਾ ਗਿਆ ਹੈ। ਇਹ ਸਭ ਨੂੰ ਯਾਦ ਰਹੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੜੀਦਾਰ ਸਰੂਪ ਨੂੰ ਮੱਥਾ ਟੇਕ ਕੇ ਗੁਰ-ਗੱਦੀ ਬਖ਼ਸ਼ੀ ਸੀ। ਇਸ ਲਈ ਲੜੀਦਾਰ ਸਰੂਪ ਹੀ ਗੁਰ-ਗੱਦੀ ਦੇ ਮਾਲਕ ਹਨ ਅਤੇ ਸਮੂਹ ਪੰਥ ਵੱਲੋਂ ਪੂਰਨ ਸਤਿਕਾਰ ਦੇ ਯੋਗ ਹੱਕਦਾਰ ਹਨ।

ਲੜੀਦਾਰ ਸਰੂਪ ਹੀ ਇਕ ਅਜਿਹਾ ਸਰੂਪ ਹੈ ਜੋ ਗੁਰਬਾਣੀ ਦੀ ਸੰਪੂਰਨਤਾ ਅਤੇ ਸਹੀ ਹੋਣ ਦਾ ਸਾਖੀ ਹੈ ਅਤੇ ਪਦ-ਛੇਦੀ ਗ਼ਲਤੀਆਂ ਤੋਂ ਮੁਕਤ ਹੈ। "ਹਮਭੂਲਹਤੁਮਸਦਾਅਭੂਲਾ....(੧੨੧੩)" ਵਾਲਾ ਗੁਰ-ਫ਼ੁਰਮਾਨ ਕੇਵਲ ਲੜੀਦਾਰ ਸਰੂਪ 'ਤੇ ਹੀ ਢੁਕਦਾ ਹੈ, ਪਦ ਛੇਦ ਸਰੂਪ 'ਤੇ ਨਹੀਂ। ਵੈਸੇ ਗੁਰਬਾਣੀ ਦਾ ਸਤਿਕਾਰ ਤਾਂ ਹਰ ਹਾਲਤ ਵਿਚ ਅਸਾਂ ਵਧ ਤੋਂ ਵਧ ਕਰਨਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸ਼ਬਦ-ਨਿਖੇੜ ਗ਼ਲਤੀਆਂ ਗੁਰਬਾਣੀ ਨੂੰ ਪਦ-ਛੇਦ ਕਰਨ ਨਾਲ ਹੀ ਉਤਪੰਨ ਹੋਈਆਂ ਹਨ। ਇਨ੍ਹਾਂ ਗ਼ਲਤੀਆਂ ਦੇ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹਿਸ ਮੁਬਹਿਸੇ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ, ਜਿਸ ਦਾ ਦੋਸ਼ ਅਥਵਾ ਪੂਰੀ ਜ਼ਿੰਮੇਵਾਰੀ ਗੁਰਬਾਣੀ ਨੂੰ ਪਦ-ਛੇਦ ਕਰਨ ਵਾਲਿਆਂ ਸੱਜਣਾਂ ਦੀ ਹੈ, ਜੋ ਕਿ ਨਾ-ਕਾਬਲੇ ਮੁਆਫ਼ੀ ਹੈ। ਪਦ-ਛੇਦ ਸਰੂਪ ਦਾ ਪਰਚਾਰ ਕਰਨਾ, ਅਥਵਾ ਇਸ ਦੀ ਹਾਮੀ ਭਰਨਾ ਭੀ ਸਾਨੂੰ ਇਸ ਦੋਸ਼ ਤੋਂ ਬਰੀ ਨਹੀਂ ਹੋਣ ਦਿੰਦਾ।

ਇਸ ਲਈ ਸਮੂਹ ਗੁਰ-ਅਸਥਾਨਾਂ, ਧਰਮਸਾਲਾਂ ਅਤੇ ਘਰਾਂ ਅੰਦਰ, ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਦਾਰ ਸਰੂਪ ਦਾ ਪ੍ਰਕਾਸ਼ ਹੋਣਾ ਉਚਿੱਤ, ਵਾਜਬ ਅਤੇ ਸਹੀ ਹੈ। ਕੇਵਲ ਇਸ ਤਰ੍ਹਾਂ ਕਰਨ ਨਾਲ ਹੀ ਗੁਰਬਾਣੀ-ਗ਼ਲਤ-ਉਚਾਰਨ ਦਾ ਦੋਸ਼, ਗੁਰੂ ਸਾਹਿਬ ਜੀ ਦੇ ਸਿਰ ਤੋਂ ਹਟਾ ਮੁੜ ਪਾਠੀ ਸੱਜਣਾਂ ਦੇ ਸਿਰ ਥੱਪਿਆ ਜਾ ਸਕਦਾ ਹੈ। ਫਿਰ ਦੋਸ਼ ਹੈ ਭੀ ਪਾਠੀ ਜਨਾਂ ਦਾ ਹੀ; ਗੁਰੂ ਸਾਹਿਬ ਜੀ ਦਾ ਨਹੀਂ ਹੈ। ਗੁਰੂ ਸਾਹਿਬ ਜੀ ਦੇ ਸਿਰ ਤਾਂ ਇਹ ਬਦੋ-ਬਦੀ ਮੜ੍ਹਿਆ ਗਿਆ ਹੈ। ਅਤੇ ਮੜ੍ਹਿਆ ਪਦ-ਛੇਦੀ ਪ੍ਰੇਮੀਆਂ ਨੇ ਹੈ।

ਪੰਥ ਦੇ ਸਮੂਹ ਜ਼ਿੰਮੇਵਾਰ ਵਿਅਕਤੀਆਂ ਦੇ ਚਰਨਾਂ ਵਿਚ ਬੇਨਤੀ ਹੈ ਕਿ ਆਪਣਾ ਅੱਗਾ ਸਵਾਰਨ ਲਈ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਦਾਰ ਸਰੂਪ ਨੂੰ ਮੁੜ ਬਹਾਲ ਕਰਨ ਦਾ ਪੂਰਨ ਉਪਰਾਲਾ ਕਰਨ ਅਤੇ ਇਨ੍ਹਾਂ ਸਰੂਪਾਂ ਨੂੰ ਅਜਾਈਂ ਹੀ ਨਾ ਅਗਨੀ-ਭੇਟ ਕਰਦੇ ਤੁਰੇ ਜਾਣ।

ਗ਼ਲਤ ਜ਼ਿੱਦ ਉੱਤੇ ਅੜੀ ਜਾਣਾ ਸੋਭਦਾ ਨਹੀਂ। ਸਹੀ ਸ਼ਬਦ ਨਿਖੇੜ ਸਤਿਗੁਰੂ ਆਪ ਹੀ ਜਾਣਦੇ ਹਨ ਜਾਂ ਉਹ ਜਾਣਨਗੇ ਜਿਨ੍ਹਾਂ ਉੱਤੇ ਗੁਰੂ ਸਾਹਿਬ ਜੀ ਪੂਰਨ ਬਖ਼ਸ਼ਿਸ਼ ਕਰਨਗੇ। ਅਸੀਂ ਅਲਪੱਗ ਜੀਵ ਛਾਤੀ 'ਤੇ ਹੱਥ ਰੱਖ ਕੇ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਫਲਾਣਾ-ਫਲਾਣਾ ਸ਼ਬਦ-ਨਿਖੇੜ ਬਿਲਕੁਲ ਠੀਕ ਹੈ। ਹਾਂ, ਆਪਣੀ ਆਪਣੀ ਬੁੱਧੀ ਅਨੁਸਾਰ ਅਨੁਮਾਨ ਲਗਾ ਸਕਦੇ ਹਾਂ।

ਸ਼ੁਧ ਪਾਠ ਕਰਨ ਕਰਾਉਣ ਦੇ ਵਾਜਬ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।

ਇਹ ਲੇਖ ਜੱਥੇਦਾਰ ਭਾਈ ਸਾਹਿਬ ਭਾਈ ਰਾਮ ਸਿੰਘ ਜੀ (ਮੁਖੀ ਅਖੰਡ ਕੀਰਤਨੀ ਜਥਾ) ਵੱਲੋਂ ਲਿਖਿਆ ਗਿਆ ਅਤੇ 'ਸੂਰਾ' ਅੰਮ੍ਰਿਤਸਰ, ਮਾਰਚ-ਅਪ੍ਰੈਲ 2002 (ਪੰਨੇ 24–25) ਵਿਚ ਛਪਿਆ।

← Back To Bhai Ram Singh Ji Articles