ਨਾਮ ਜਪਣ ਦੀ ਜੁਗਤੀ

ਅਭਿਆਸ ਕਰਦੇ ਹੋਏ ਗੁਰਮੰਤਰ ਗੁਰਮਤਿ ਨਾਮ ਰੂਪੀ ਸ਼ਬਦ ਨੂੰ ਸੁਰਤੀ ਨਾਲ ਜੋੜਨਾ ਹੈ । ਨਾਮ ਜਪਦੇ ਹੋਏ, ਨਾਮ-ਜਾਪ ਦੇ ਅਰੰਭ ਵਿਚ ਸ਼ਬਦ ਨਾਲਿ ਸੁਰਤੀ ਲਾਉਣੀ ਹੈ । ਨਾਮ-ਸ਼ਬਦ ਦੀ ਜੋ ਧੁਨੀ ਅਭਿਆਸ-ਜਾਪ ਕਰਦਿਆਂ ਆਵੇ (ਨਿਕਲੇ), ਉਸ ਧੁਨਿ ਨਾਲਿ ਸੁਰਤੀ ਨੂੰ ਜੋੜਨਾ, ਇਹ ਸ਼ਬਦ ਸੁਰਤਿ ਦਾ ਅਰੰਭਕ ਖੇਲੁ ਹੈ ।ਅਭਿਆਸੀ ਜਨ ਪਹਿਲਾਂ ਏਥੋਂ ਹੀ ਅਭਿਆਸ ਅਰੰਭ ਕਰਦਾ ਹੈ । ਗੁਰਮੰਤਰ ਨਾਮ-ਸ਼ਬਦ ਦੁਅਖਰੇ ਦਾ ਪਹਿਲਾ ਦੁਅਖਰਾ ਸਹਿਤਿ ਸੁਆਸ ਦੇ ਅੰਦਰ ਨੂੰ ਖਿਚ ਕੇ ਉਪਰ ਨੂੰ ਦਸਵੇਂ ਦੁਆਰ ਉਚਿ ਲੈ ਜਾਵੇ ।

ਸਹਿਜ ਸੁਆਸੀ ਵੇਗ ਸੇਤੀ ਹੀ ਉਪਰੋਂ (ਅੰਦਰੋਂ) ਹੇਠਾਂ ਬਾਹਰ ਵਲ ਨੂੰ ਉਤਰਾਵੇ ਅਤੇ ਉਤਰਾਵਨ ਸਮੇਂ ਪਿਛਲੇ (ਦੂਜੇ) ਅਰਧ ਗੁਰਮੰਤਰੀ ਦੇ ਹਿਸੇ ਨੂੰ ਰਸਨਾ ਨਾਲਿ ਸਪਰਸ਼ ਕੇ ਨਿਕਸਾਵੇ । ਏਸੇ ਪ੍ਰਕਾਰ ਸੁਤੇ ਸੁਆਸਾਂ ਦੇ ਸਹਿਜ ਵੇਗ ਸਹਿਤ ਸ਼ਬਦ- ਅਭਿਆਸ ਦਾ ਸਿਲਸਿਲਾ ਸਦਾ ਜਾਰੀ ਰੱਖੇ । ਉਪਰ ਨੂੰ, ਅਰਥਾਤ ਅੰਦਰ ਨੂੰ ਸੁਆਸ ਲੈ ਜਾਣ ਸਮੇਂ ਸ਼ਬਦ ਦਾ ਸਪਰਸ਼ ਹਲਕ (ਤਾਲੂ) ਸਹਿਤ ਹੋਵੇਗਾ ਅਤੇ ਹੇਠਾਂ ਬਾਹਰਵਾਰ ਨੂੰ ਸੁਆਸ ਉਤਾਰਦੇ ਹੋਏ ਸ਼ਬਦ ਰਸਨਾ ਸੇਤੀ ਸਪੱਰਸ਼ੇਗਾ । ਇਸ ਸਪਰਸ਼ ਦੀ ਧੁਨੀ ਚਾਹੇ ਬੈਖਰੀ ਹੋਵੇ, ਚਾਹੇ ਮਧਮਾ, ਪਰਾ, ਪਸੰਤੀ ਹੋਵੇ, ਉਸ ਧੁਨੀ ਸੇਤੀ ਸੁਰਤਿ ਨੂੰ ਜੋੜਨਾ ਹੈ ।

“ਸਬਦੁ ਗੁਰੂ ਸੁਰਤਿ ਧੁਨਿ ਚੇਲਾ”

ਦੇ ਗੁਰਵਾਕ ਅਨੁਸਾਰ ਇਹ ਗੁਰਮਤਿ ਨਾਮ ਅਭਿਆਸ ਦੀ ਖੇਡ ਹੈ । ‘ਸ਼ਬਦ’ ਗੁਰੂ ਰੂਪ ਇਸ ਕਰਕੇ ਹੈ ਕਿ ਧੁਰੋਂ ਨਿਰੰਕਾਰ ਦੀ ਦਰਗਾਹ ਤੋਂ ਆਇਆ ਹੋਣ ਕਰਕੇ ਸ਼ਬਦ ਦੀ ਸਪੱਰਸ਼ ਪਾਰਸ ਰੂਪੀ ਹੈ, ਅੰਮ੍ਰਿਤ ਰਸਾਇਣੀ ਹੈ। ਇਸ ਦੇ ਹਲਕ (ਤਾਲੂ) ਨਾਲਿ ਸੁਰਤੀ ਸਹਿਤ ਸਪੱਰਸ਼ਿਆਂ ਕਾਟ ਕਰ ਕੇ ਸਣੇ ਸਣੇ ਵਿਸਮਾਦ ਰੂਪ ਵਿਚ ਲੀਨਤਾ ਦਾ ਅਨੰਦ, ਬਿਸਮ ਅਨੰਦ ਆਉਣ ਲਗ ਪੈਂਦਾ ਹੈ। ਰਸਨਾ ਨਾਲਿ ਸਪੱਰਸ਼ ਹੋਣ ਕਰਕੇ ਅੰਤਰਗਤਿ ਜੋਤਿ ਪ੍ਰਕਾਸ਼ ਦਾ ਰਸ ਰੁਮਕਣ ਲਗ ਪੈਂਦਾ ਹੈ। ਜਦੋਂ ਰਸ-ਬਿਸਮਤਾ ਦੀ ਨੌਬਤ ਆਣ ਉਪਜਦੀ ਹੈ ਤਦੋਂ ਅਭਿਆਸੀ ਜਨ ਦੀ ਸੁਰਤੀ ਬਿਰਤੀ ਇਸ ਰਸ-ਬਿਸਮਾਦ ਕਲਾ ਵਿਚਿ ਲੀਨ ਹੋ ਕੇ ਸਹਿਜ ਲੀਨਤਾ ਦੇ ਦਰਜੇ ਨੂੰ ਅਪੜ ਜਾਂਦੀ ਹੈ। ਫੇਰ ਸੁਰਤੀ ਜੋੜਨ ਦਾ ਖ਼ਾਸ ਯਤਨ ਨਹੀਂ ਕਰਨਾ ਪੈਂਦਾ । ਰਸ-ਜੋਤਿ-ਪ੍ਰਕਾਸ਼ ਦੀ ਕਿਰਣ-ਕਣੀ ਹੀ ਸੁਰਤਿ-ਮਹਿਵੀਅਤ ਲਈ ਸਹਾਈ ਹੋਈ ਰਹਿੰਦੀ ਹੈ। ਸ਼ਬਦ-ਅਭਿਆਸ ਤੋਂ ਇਕ ਖਿਨ ਭੀ ਬਾਹਰ ਨਹੀਂ ਹੋਣ ਦੇਂਦੀ। ਗੁਰ ਪ੍ਰਸਾਦਿ ਕਰ ਹੀ ਇਹ ਬਿਧਿ ਬਣ ਆਉਂਦੀ ਹੈ ਅਤੇ ਜਿਉਂ ਜਿਉਂ ਇਹ ਬਿਧਿ ਬਣਦੀ ਹੈ ਤਿਉਂ ਤਿਉਂ ਗੁਰੂ ਕਰਤਾਰ ਦੇ ਸ਼ੁਕਰਾਨੇ ਵਿਚਿ ਨਿਮਰੀਭੂਤ ਹੋ ਕੇ ਅਭਿਆਸ-ਆਨੰਦਨੀ-ਖੇਡ ਐਸੀ ਹੁੰਦੀ ਹੈ ਕਿ ਸ਼ਬਦ ਅਭਿਆਸ ਗੁਰੂ-ਕਰਤਾਰ-ਸਨਮੁਖੀ ਅਰਦਾਸ ਰੂਪ ਹੋ ਜਾਂਦਾ ਹੈ ।

ਚੇਤੇ ਰਹੇ ਕਿ ਇਸ ਅਭਿਆਸ-ਰਸ-ਆਨੰਦਨੀ ਖੇਡ ਵਿਚਿ ਰਸ-ਪ੍ਰਾਇਣ ਹੋ ਕੇ, ਰਸ-ਰਸਾਇਣ ਹੋ ਕੇ ਅਭਿਆਸੀ ਜਨ ਦਾ ਰੋਮ ਰੋਮ ਰੁਮਕ ਉਠਦਾ ਹੈ, ਅੰਗ ਅੰਗ ਫਰਕਣ ਲਗ ਪੈਂਦਾ ਹੈ । ਹੋੱਠ ਭੀ ਆਪ-ਮੁਹਾਰੇ ਫਰਕਣ ਲੱਗ ਪੈਂਦੇ ਹਨ। ਇਹ ਅਮਿਉ ਰਸਾਇਣੀ ਰਸ ਅਤਯੰਤ ਹੀ ਅੱਜਰ ਵਸਤੂ ਹੈ। ਗੁਰ ਪ੍ਰਸਾਦਿ ਕਰ ਹੀ ਜਰਿਆ ਜਾ ਸਕਦਾ ਹੈ। ਅਰਦਾਸ ਰੂਪ ਅਭਿਆਸ (ਜੈਸਾ ਉਪਰ ਵਰਨਣ ਹੋਇਆ ਹੈ) ਇਸ ਅੱਜਰ ਪਦ ਨੂੰ ਜਰਾਉਣ ਲਈ ਬੜਾ ਹੀ ਸਹਾਈ ਹੁੰਦਾ ਹੈ। ਜੋ ਜਰ ਨਹੀਂ ਸਕਦੇ, ਉਹ ਭੜਕ ਕੇ ਉਠਦੇ ਹਨ। ਜਰਨ ਵਾਲਿਆਂ ਦੀ ਭੀ ਨਿਝਰ-ਝਰਨ-ਬਿਰਤੀ ਇਕ ਬਿਸ਼ਮ-ਅਨੰਦੀ ਹੁਲਾਰੇ ਦੀ ਅਕੱਥਨੀਯ ਮੌਜ ਵਿਚਿ ਹਾਲ ਖੇਡਣ ਲਗ ਪੈਂਦੀ ਹੈ । ਸਰੀਰ ਭੀ ਵਜਦ ਵਿਚਿ ਆ ਝੂਲਣ ਮੇਲ੍ਹਣ ਲਗ ਪੈਂਦਾ ਹੈ, ਪਰ ਸਹਿਜ-ਕਲਾ ਵਿਚਿ। ਇਸ ਵਜਦ-ਹੁਲਾਰੜੀ ਖੇਡ ਵਿਚਿ ਅੰਤਰੀਵੀ ਅਮਿਉ-ਰਸ ਰਸਾਇਣ ਸੇਤੀ ਸਰਸ਼ਾਰ ਹੋ ਕੇ ਅਤੇ ਬੇਹਬਲ ਹੋ ਕੇ ਅਭਿਆਸੀ ਜਨ, ਸ਼ਬਦ-ਅਭਿਆਸ-ਤਰੰਗੀ ਫੁਰਾਟੇ ਭੀ ਮਾਰਨ ਲਗ ਪੈਂਦਾ ਹੈ। ਇਨ੍ਹਾਂ ਫੁਰਾਟਿਆਂ ਸੁਰਾਟਿਆਂ, ਗੁਰਾਟਿਆਂ ਦੇ ਗਰਜਾਉਣ ਵਿਚਿ ਹੋਰ ਭੀ ਅਧਿਭੁਤ ਅਨੰਦ ਆਉਂਦਾ ਹੈ। ਜਿਨ੍ਹਾਂ ਉਤੇ ਇਹ ਦਸ਼ਾ ਵਾਪਰੀ ਹੋਵੇ ਸੇ ਹੀ ਜਾਣਨ ਇਸ ਰਸ-ਅਨੰਦੀ ਖੇਡ ਨੂੰ । ਨਹੀਂ ਤਾਂ ਆਮ ਲੋਕੀ ਆਪਣੀ ਆਪਣੀ ਮੱਤ ਕੁਮੱਤ ਅਨੁਸਾਰ ਰਸ-ਫੁਰਾਟੀਆਂ, ਰਸ-ਰਸਾਟੀਆਂ, ਰਸ ਝਰਨਾਟੀਆਂ, ਰਸ ਸੁਰਤਾਟੀਆਂ, ਰਸ ਗੁਰਾਟੀਆਂ, ਰਸ ਗਜਰਾਟੀਆਂ ਦੀ ਇਸ ਅਨੂਪਮ ਤੇ ਅਲੌਕਿਕ ਖੇਡ (ਦਸ਼ਾ) ਨੂੰ ਦੇਖ ਕੇ ਮਖੌਲ ਉਡਾਉਣ ਲਗ ਪੈਂਦੇ ਹਨ । ਪਏ ਉਡਾਉਣ।

['ਗੁਰਮਤਿ ਕਰਮ ਫਿਲਾਸਫ਼ੀ' ਪੁਸਤਕ ਵਿਚੋਂ]
← Back To GurmatKhajana